ਜਨੇਵਾ (ਪੀਟੀਆਈ) : ਖ਼ਤਰਨਾਕ ਅਤੇ ਸੂਚੀਬੱਧ ਅੱਤਵਾਦੀਆਂ ਨੂੰ ਪੈਨਸ਼ਨ ਦੇਣ ਅਤੇ ਪਨਾਹ ਮੁਹੱਈਆ ਕਰਵਾਉਣ ਲਈ ਪਾਕਿਸਤਾਨ ਨੂੰ ਝਾੜ ਪਾਉਂਦੇ ਹੋਏ ਭਾਰਤ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸਲਾਮਾਬਾਦ ਨੂੰ ਅੱਤਵਾਦ ਦੀ ਮਦਦ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।

ਮਨੁੱਖੀ ਅਧਿਕਾਰ ਕੌਂਸਲ ਦੇ 47ਵੇਂ ਇਜਲਾਸ ਦੌਰਾਨ ਪਾਕਿਸਤਾਨ ਦੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਭਾਰਤੀ ਨੁਮਾਇੰਦੇ ਪਵਨ ਕੁਮਾਰ ਬਾਧੇ ਨੇ ਕਿਹਾ ਕਿ ਅੱਤਵਾਦ ਦਾ ਖ਼ਤਰਾ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਗੰਭੀਰ ਉਲੰਘਣਾ ਹੈ ਅਤੇ ਇਸ ਦੀਆਂ ਸਾਰੀਆਂ ਕਿਸਮਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੀ ਸਰਕਾਰੀ ਨੀਤੀ ਤਹਿਤ ਖ਼ਤਰਨਾਕ ਅਤੇ ਸੂਚੀਬੱਧ ਅੱਤਵਾਦੀਆਂ ਨੂੰ ਪੈਨਸ਼ਨ ਦੇਣਾ ਜਾਰੀ ਰੱਖ ਰਿਹਾ ਹੈ। ਉਹ ਆਪਣੀ ਜ਼ਮੀਨ ’ਤੇ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅੱਤਵਾਦ ਦੀ ਮਦਦ ਲਈ ਪਾਕਿਸਤਾਨ ਨੂੰ ਜਵਾਬਦੇਹ ਠਹਿਰਾਇਆ ਜਾਵੇ।

ਬਾਧੇ ਨੇ ਕਿਹਾ ਕਿ ਪਾਕਿਸਤਾਨ ਨੇ ਇਕ ਵਾਰ ਫਿਰ ਭਾਰਤ ਖ਼ਿਲਾਫ਼ ਗ਼ੈਰ-ਜ਼ਿੰਮੇਵਾਰੀ ਵਾਲਾ ਦੋਸ਼ ਲਗਾਉਣ ’ਚ ਇਸ ਮੰਚ ਦੀ ਗਲਤ ਵਰਤੋਂ ਕੀਤੀ ਹੈ। ਉਸ ਦਾ ਮਕਸਦ ਆਪਣੇ ਦੇਸ਼ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੰਭੀਰ ਸਥਿਤੀ ਤੋਂ ਕੌਂਸਲ ਦਾ ਧਿਆਨ ਭਟਕਾਉਣਾ ਹੈ। ਪਾਕਿਸਤਾਨ ’ਚ ਘੱਟ ਗਿਣਤੀਆਂ ਦੀ ਘੱਟਦੀ ਆਬਾਦੀ ਉਨ੍ਹਾਂ ਦੀ ਦੁਰਦਸ਼ਾ ਦਾ ਸਬੂਤ ਹੈ। ਪਾਕਿਸਤਾਨ ’ਚ ਜਬਰਨ ਧਰਮ ਪਰਿਵਰਤਨ ਕਰਵਾਉਣਾ ਰੋਜ਼ ਦੀ ਗੱਲ ਹੋ ਗਈ ਹੈ। ਅਸੀਂ ਤਰ੍ਹਾਂ ਦੀਆਂ ਕਈ ਰਿਪੋਰਟਾਂ ਦੇਖੀਆਂ ਹਨ, ਜਿਨ੍ਹਾਂ ਮੁਤਾਬਕ ਪਾਕਿਸਤਾਨ ’ਚ ਘੱਟ ਗਿਣਤੀ ਭਾਈਚਾਰੇ ਦੀਆਂ ਨਾਬਾਲਿਗ ਕੁੜੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨਾਲ ਜਬਰ ਜਨਾਹ ਕੀਤਾ ਜਾਂਦਾ ਹੈ। ਫਿਰ ਉਨ੍ਹਾਂ ਦਾ ਜਬਰੀ ਧਰਮ ਪਰਿਵਰਤਨ ਕਰਨ ਤੋਂ ਬਾਅਦ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੀਆਂ ਇਕ ਹਜ਼ਾਰ ਤੋਂ ਵੱਧ ਕੁੜੀਆਂ ਦਾ ਹਰ ਸਾਲ ਧਰਮ ਬਦਲਿਆ ਜਾਂਦਾ ਹੈ।

Posted By: Rajnish Kaur