ਸਿੰਗਾਪੁਰ (ਪੀਟੀਆਈ) : ਭਾਰਤ ਨੇ ਬਰਾਮਦ ਕਰਨ ਲਈ ਮਿਜ਼ਾਈਲਾਂ ਦੀ ਪਹਿਲੀ ਖੇਪ ਤਿਆਰ ਕਰ ਲਈ ਹੈ। ਦੱਖਣੀ-ਪੂਰਬੀ ਏਸ਼ਿਆਈ ਅਤੇ ਖਾੜੀ ਦੇਸ਼ਾਂ ਦੀ ਰੁਚੀ ਨੂੰ ਵੇਖਦੇ ਹੋਏ ਇਸੇ ਸਾਲ ਪਹਿਲੀ ਖੇਪ ਬਰਾਮਦ ਕੀਤੀ ਜਾ ਸਕਦੀ ਹੈ। ਬ੍ਰਹਮੋਸ ਏਅਰੋ ਸਪੇਸ ਦੇ ਚੀਫ ਜਨਰਲ ਮੈਨੇਜਰ ਕਮਾਂਡਰ ਐੱਸ ਕੇ ਅੱਯਰ ਨੇ ਸਿੰਗਾਪੁਰ 'ਚ ਆਈਐੱਮਡੀਈਐਕਸ ਏਸ਼ੀਆ 2019 ਪ੍ਰਦਰਸ਼ਨੀ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪਹਿਲੇ ਸਮਝੌਤੇ 'ਤੇ ਸਰਕਾਰਾਂ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ।

ਉਨ੍ਹਾਂ ਦੱਸਿਆ ਕਿ ਕਈ ਦੱਖਣੀ-ਪੂਰਬੀ ਏਸ਼ਿਆਈ ਦੇਸ਼ ਮਿਜ਼ਾਈਲ ਖ਼ਰੀਦਣ ਨੂੰ ਤਿਆਰ ਹਨ। ਇਹ ਸਾਡੇ ਵੱਲੋਂ ਪਹਿਲੀ ਵਾਰ ਮਿਜ਼ਾਈਲਾਂ ਦੀ ਬਰਾਮਦ ਹੋਵੇਗੀ। ਖਾੜੀ ਦੇ ਦੇਸ਼ਾਂ ਨੇ ਵੀ ਇਸ ਵਿਚ ਰੁਚੀ ਵਿਖਾਈ ਹੈ। ਭਾਰਤੀ ਰੱਖਿਆ ਖੇਤਰ ਨਾਲ ਜੁੜੀਆਂ ਕੰਪਨੀਆਂ ਕੋਲ ਦੱਖਣੀ-ਪੂਰਬੀ ਏਸ਼ਿਆਈ ਅਤੇ ਖਾੜੀ ਦੇਸ਼ਾਂ ਵਿਚ ਬਰਾਮਦ ਦੇ ਚੰਗੇ ਮੌਕੇ ਹਨ। ਹੌਲੀ ਆਰਥਿਕ ਵਿਕਾਸ ਕਾਰਨ ਇਨ੍ਹਾਂ ਦੇਸ਼ਾਂ 'ਤੇ ਸਸਤੇ ਅਤੇ ਭਰੋਸੇਮੰਦ ਹੱਲ ਲੱਭਣ ਦਾ ਦਬਾਅ ਹੈ। ਅਜਿਹੇ ਸਮੇਂ ਭਾਰਤ ਬਿਹਤਰ ਬਦਲ ਬਣ ਕੇ ਸਾਹਮਣੇ ਆ ਰਿਹਾ ਹੈ। ਆਈਐੱਮਡੀਈਐਕਸ ਪ੍ਰਦਰਸ਼ਨੀ ਦੌਰਾਨ ਭਾਰਤ-ਰੂਸ ਦਾ ਸਾਂਝਾ ਉੱਦਮ ਬ੍ਰਹਮੋਸ ਤੇ ਲਾਰਸਨ ਐਂਡ ਟਰਬੋ ਦੀ ਰੱਖਿਆ ਇਕਾਈ ਐੱਲ ਐਂਡ ਟੀ ਡਿਫੈਂਸ ਨੇ ਰੱਖਿਆ ਉਪਕਰਣਾਂ ਦੀ ਵਿਸ਼ਾਲ ਰੇਂਜ ਪੇਸ਼ ਕੀਤੀ। 14 ਮਈ ਤੋਂ ਸ਼ੁਰੂ ਹੋਈ ਇਸ ਤਿੰਨ ਰੋਜ਼ਾ ਪ੍ਰਦਰਸ਼ਨੀ 'ਚ ਦੁਨੀਆ ਭਰ ਦੀਆਂ 236 ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਬਾਜ਼ਾਰ ਦੇ ਬਦਲਦੇ ਹਾਲਾਤ ਵਿਚ ਉਦਯੋਗ ਜਗਤ ਨਾਲ ਜੁੜੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪੱਛਮੀ ਅਤੇ ਦੱਖਣੀ-ਪੂਰਬੀ ਏਸ਼ਿਆਈ ਅਤੇ ਦੱਖਣੀ ਅਮਰੀਕੀ ਦੇਸ਼ ਸਸਤੇ ਅਤੇ ਭਰੋਸੇਮੰਦ ਬਦਲ ਲੱਭ ਰਹੇ ਹਨ। ਕੁਝ ਛੋਟੇ ਦੇਸ਼ ਆਪਣੇ ਕੋਲ ਉੁਪਲੱਬਧ ਉਪਕਰਣਾਂ ਨੂੰ ਹੀ ਨਵੀਂ ਤਕਨਾਲੋਜੀ ਨਾਲ ਉੱਨਤ ਕਰਨਾ ਚਾਹੁੰਦੇ ਹਨ। ਇਨ੍ਹਾਂ ਹਾਲਾਤ 'ਚ ਭਾਰਤੀ ਰੱਖਿਆ ਉਪਕਰਣ ਕੰਪਨੀਆਂ ਕੋਲ ਬਿਹਤਰ ਮੌਕਾ ਹੈ।