ਨਿਊਯਾਰਕ (ਏਜੰਸੀਆਂ) : ਸੰਯੁਕਤ ਰਾਸ਼ਟਰ ਮਹਾਸਭਾ 'ਚ ਮਿਆਂਮਾਰ 'ਤੇ ਲਿਆਂਦੇ ਗਏ ਮਤੇ 'ਤੇ ਭਾਰਤ ਵੋਟਿੰਗ ਤੋਂ ਵੱਖ ਰਿਹਾ। ਭਾਰਤ ਨੇ ਮਤੇ 'ਤੇ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਗੁਆਂਢੀ ਮੁਲਕ ਹੋਣ ਦੇ ਨਾਤੇ ਉਹ ਮਿਆਂਮਾਰ 'ਚ ਲੋਕਤੰਤਰੀ ਪ੍ਰਕਿਰਿਆ 'ਚ ਮਜ਼ਬੂਤੀ ਲਿਆਉਣ ਦੀ ਹਮਾਇਤ ਕਰਦਾ ਹੈ। ਇਹ ਮਤਾ ਜਲਦਬਾਜ਼ੀ 'ਚ ਲਿਆਂਦਾ ਗਿਆ ਹੈ ਤੇ ਉਸ ਦਾ ਵਿਚਾਰ ਇਸ ਮਤੇ ਨਾਲ ਮੇਲ ਨਹੀਂ ਖਾਂਦਾ।

ਇਸ ਮਤੇ ਦੀ ਹਮਾਇਤ 'ਚ 119 ਦੇਸ਼ ਰਹੇ, ਜਦਕਿ ਭਾਰਤ ਦੇ ਨਾਲ ਹੀ ਗੁਆਂਢੀ ਦੇਸ਼ ਚੀਨ, ਬੰਗਲਾਦੇਸ਼, ਭੂਟਾਨ, ਨੇਪਾਲ, ਥਾਈਲੈਂਡ, ਲਾਓਸ ਤੇ ਰੂਸ ਗ਼ੈਰ ਹਾਜ਼ਰ ਰਹੇ। ਬੈਲਾਰੂਸ ਅਜਿਹਾ ਦੇਸ਼ ਰਿਹਾ, ਜਿਸ ਨੇ ਮਤੇ ਖ਼ਿਲਾਫ਼ ਮਤਦਾਨ ਕੀਤਾ। ਭਾਰਤ ਦੇ ਸੰਯੁਕਤ ਰਾਸ਼ਟਰ (ਯੂਐੱਨ) 'ਚ ਸਥਾਈ ਨੁਮਾਇੰਦੇ ਟੀਐੱਸ ਤਿਰੂਮੂਰਤੀ ਨੇ ਕਿਹਾ ਕਿ ਮਤਾ ਬਿਨਾਂ ਗੁਆਂਢੀ ਦੇਸ਼ਾਂ ਨਾਲ ਸਲਾਹ ਕੀਤੇ ਜਲਦਬਾਜ਼ੀ 'ਚ ਲਿਆਂਦਾ ਗਿਆ ਹੈ। ਇਹ ਮਤਾ ਬਿਨਾਂ ਫ਼ਾਇਦੇ ਦੇ ਹੋਣ ਦੇ ਨਾਲ ਹੀ ਆਸੀਆਨ ਦੇਸ਼ਾਂ ਵੱਲੋਂ ਹੱਲ ਲੱਭਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਵੀ ਮਾੜਾ ਸਾਬਿਤ ਹੋਵੇਗਾ।

ਮਤੇ 'ਚ ਆਂਗ ਸਾਨ ਸੂ ਕੀ ਸਮੇਤ ਸਾਰੇ ਆਗੂਆਂ ਦੀ ਰਿਹਾਈ ਦੇ ਨਾਲ ਹੀ ਫ਼ੌਜ ਨੂੰ ਦੇਸ਼ ਦੀ ਜਨਤਾ ਦੇ ਮਨੁੱਖੀ ਅਧਿਕਾਰਾਂ ਨੂੰ ਬਹਾਲ ਕਰਨ ਲਈ ਕਿਹਾ ਗਿਆ ਹੈ। ਮਤੇ 'ਚ ਲੋਕਤੰਤਰੀ ਪ੍ਰਕਿਰਿਆ ਸ਼ੁਰੂ ਕਰਨ ਦੀ ਵੀ ਗੱਲ ਕਹੀ ਗਈ ਹੈ।

ਸੂ ਕੀ ਦੇ ਜਨਮ ਦਿਨ 'ਤੇ ਫੁੱਲਾਂ ਨਾਲ ਵਿਰੋਧ

ਮਿਆਂਮਾਰ 'ਚ ਫ਼ੌਜੀ ਤਖ਼ਤਾ ਪਲਟ ਤੋਂ ਬਾਅਦ ਤੋਂ ਜੇਲ੍ਹ 'ਚ ਬੰਦ ਆਗੂ ਆਂਗ ਸਾਨ ਸੂ ਕੀ ਦੇ 76ਵੇਂ ਜਨਮਦਿਨ 'ਤੇ ਥਾਂ-ਥਾਂ ਸ਼ਾਂਤਮਈ ਤਰੀਕੇ ਨਾਲ ਫੁੱਲਾਂ ਨਾਲ ਵਿਰੋਧ ਕੀਤਾ ਗਿਆ। ਅੌਰਤਾਂ ਨੇ ਆਪਣੇ ਵਾਲਾਂ 'ਚ ਫੁੱਲ ਲਗਾਏ।