ਸੰਯੁਕਤ ਰਾਸ਼ਟਰ (ਪੀਟੀਆਈ) : ਸੰਯੁਕਤ ਰਾਸ਼ਟਰ ਦੇ ਕਮਿਸ਼ਨ ਆਨ ਦ ਸਟੇਟਸ ਆਫ ਵੁਮੈਨ (ਸੀਐੱਸਡਬਲਯੂ) ਦੀ ਇਕ ਮਹੱਤਵਪੂਰਣ ਚੋਣ ਵਿਚ ਭਾਰਤ ਨੇ ਚੀਨ ਨੂੰ ਹਰਾ ਕੇ ਕਮਿਸ਼ਨ ਦੀ ਮੈਂਬਰੀ ਹਾਸਲ ਕੀਤੀ ਹੈ। ਇਹ ਵਿਸ਼ਵ ਸੰਸਥਾ ਲਿੰਗ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿਚ ਕੰਮ ਕਰਦੀ ਹੈ। ਸੀਐੱਸਡਬਲਯੂ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ (ਈਸੀਓਐੱਸਓਸੀ) ਦਾ ਇਕ ਕਮਿਸ਼ਨ ਹੈ। ਦੱਸਣਯੋਗ ਹੈ ਕਿ ਇਸੇ ਸਾਲ ਭਾਰਤ ਨੂੰ ਸੁਰੱਖਿਆ ਪ੍ਰੀਸ਼ਦ ਦਾ ਅੱਠਵੀਂ ਵਾਰ ਅਸਥਾਈ ਮੈਂਬਰ ਵੀ ਚੁਣਿਆ ਗਿਆ ਹੈ। 192 ਵੋਟਾਂ ਵਿੱਚੋਂ ਭਾਰਤ ਦੇ ਪੱਖ ਵਿਚ 184 ਵੋਟ ਪਏ ਸਨ। ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਦਾ ਕਾਰਜਕਾਲ ਦੋ ਸਾਲਾਂ ਦਾ ਹੋਵੇਗਾ ਅਤੇ ਇਹ ਇਕ ਜਨਵਰੀ 2021 ਤੋਂ ਸ਼ੁਰੂ ਹੋਵੇਗਾ।

54 ਮੈਂਬਰੀ ਈਸੀਓਐੱਸਓਸੀ ਨੇ ਸੋਮਵਾਰ ਨੂੰ ਜਨਰਲ ਅਸੈਂਬਲੀ ਹਾਲ ਵਿਚ ਆਪਣੇ 2021 ਸੈਸ਼ਨ ਦੀ ਪਹਿਲੀ ਬੈਠਕ ਆਯੋਜਿਤ ਕੀਤੀ ਜਿਸ ਵਿਚ ਏਸ਼ਿਆਈ ਦੇਸ਼ਾਂ ਦੀਆਂ ਦੋ ਸੀਟਾਂ ਲਈ ਅਫ਼ਗਾਨਿਸਤਾਨ, ਭਾਰਤ ਅਤੇ ਚੀਨ ਇਕੱਠੇ ਚੋਣ ਮੈਦਾਨ ਵਿਚ ਸਨ। ਸੰਯੁਕਤ ਰਾਸ਼ਟਰ ਦੇ ਰਾਜਦੂਤ ਅਦੇਲਾ ਰਾਜ ਦੀ ਅਗਵਾਈ ਵਿਚ ਅਫ਼ਗਾਨਿਸਤਾਨ ਨੂੰ 39 ਵੋਟ ਮਿਲੇ ਜਦਕਿ ਭਾਰਤ ਨੂੰ 54 ਵੋਟਾਂ ਵਿੱਚੋਂ 38 ਵੋਟ ਮਿਲੇ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਚੀਨ ਨੂੰ ਸਿਰਫ਼ 27 ਵੋਟ ਮਿਲੇ ਅਤੇ ਉਹ ਲੋੜੀਂਦੇ ਬਹੁਮਤ ਲਈ ਜ਼ਰੂਰੀ 28 ਵੋਟਾਂ ਪਾਉਣ ਵਿਚ ਅਸਫਲ ਰਿਹਾ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ ਐੱਸ ਤਿਰੂਮੂਰਤੀ ਨੇ ਟਵੀਟ ਕੀਤਾ ਕਿ ਭਾਰਤ ਨੇ ਮਾਣਮੱਤੀ ਈਸੀਓਐੱਸਓਸੀ ਸੰਸਥਾ ਵਿਚ ਆਪਣੀ ਸੀਟ ਪੱਕੀ ਕਰ ਲਈ ਹੈ। ਭਾਰਤ ਨੂੰ ਮਹਿਲਾ ਕਮਿਸ਼ਨ ਆਨ ਸਟੇਟਸ ਫਾਰ ਵੂਮੈਨ ਦਾ ਮੈਂਬਰ ਚੁਣਿਆ ਗਿਆ ਹੈ। ਇਹ ਲਿੰਗਕ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹ ਦੇਣ ਲਈ ਸਾਡੀ ਪ੍ਰਤੀਬੱਧਤਾ ਦਾ ਨਤੀਜਾ ਹੈ। ਅਸੀਂ ਮੈਂਬਰ ਦੇਸ਼ਾਂ ਨੂੰ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਦਿੰਦੇ ਹਾਂ। ਚੋਣ ਨਤੀਜਿਆਂ ਨੂੰ ਮਹਿਲਾ ਸਮਾਨਤਾ ਅਤੇ ਸਸ਼ਕਤੀਕਰਨ ਨਾਲ ਜੁੜੇ ਚੀਨ ਦੇ ਖ਼ਰਾਬ ਰਿਕਾਰਡ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਕਮਿਸ਼ਨ ਵਿਚ ਭਾਰਤ ਅਤੇ ਅਫ਼ਗਾਨਿਸਤਾਨ ਦਾ ਕਾਰਜਕਾਲ 2021 ਤੋਂ ਸ਼ੁਰੂ ਹੋਵੇਗਾ ਅਤੇ ਇਹ ਚਾਰ ਸਾਲ ਯਾਨੀ 2025 ਤਕ ਰਹੇਗਾ। ਕਮਿਸ਼ਨ ਵਿਚ ਇਨ੍ਹਾਂ ਦੋਵਾਂ ਦੇਸ਼ਾਂ ਦੇ ਇਲਾਵਾ ਅਰਜਨਟੀਨਾ, ਆਸਟਰੀਆ, ਡੋਮੀਨਿਕ ਗਣਰਾਜ, ਇਜ਼ਰਾਈਲ, ਲਤਾਵੀਆ, ਨਾਈਜੀਰੀਆ, ਤੁਰਕੀ ਅਤੇ ਜਾਂਬੀਆ ਵੀ ਹਨ।