ਕੋਲੰਬੋ, ਰਾਇਟਰਜ਼ : ਸ਼੍ਰੀਲੰਕਾ 'ਚ ਆਰਥਿਕ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਸਰਕਾਰ ਕੋਲ ਵਿਦੇਸ਼ੀ ਮੁਦਰਾ ਨਾ-ਮਾਤਰ ਹੈ, ਇਸ ਲਈ ਮਹਿੰਗਾਈ ਵਧ ਰਹੀ ਹੈ। ਇੱਥੇ ਦੱਸ ਦੇਈਏ ਕਿ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ 'ਤੇ ਬੋਝ ਵਧਾ ਦਿੱਤਾ ਹੈ। ਸ਼੍ਰੀਲੰਕਾ ਦਾ ਮੌਜੂਦਾ ਆਰਥਿਕ ਸੰਕਟ ਜਲਦੀ ਖਤਮ ਹੋਣ ਵਾਲਾ ਨਹੀਂ ਹੈ। ਅਜਿਹੇ 'ਚ ਲੋਕਾਂ ਦੀਆਂ ਮੁਸ਼ਕਿਲਾਂ ਵਧਣੀਆਂ ਯਕੀਨੀ ਹਨ।

ਬਿਜਲੀ ਤੇ ਊਰਜਾ ਮੰਤਰੀ ਕੰਚਨਾ ਵਿਜੇਸੇਕਰਾ ਨੇ ਟਵੀਟ ਕੀਤਾ, “ਪੈਟਰੋਲ ਦੀਆਂ ਕੀਮਤਾਂ 20%-24% ਵਧਣਗੀਆਂ, ਜਦੋਂ ਕਿ ਡੀਜ਼ਲ ਦੀਆਂ ਕੀਮਤਾਂ ਤੁਰੰਤ ਪ੍ਰਭਾਵ ਨਾਲ 35%-38% ਵਧਣਗੀਆਂ। ਇਸੇ ਤਰ੍ਹਾਂ ਮੰਤਰੀ ਮੰਡਲ ਨੇ ਟਰਾਂਸਪੋਰਟ ਅਤੇ ਹੋਰ ਸੇਵਾ ਖਰਚਿਆਂ ਵਿੱਚ ਸੋਧ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਵਿਜੇਸੇਕੇਰਾ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਈਂਧਨ ਦੀ ਵਰਤੋਂ ਘਟਾਉਣ ਅਤੇ ਊਰਜਾ ਸੰਕਟ ਦਾ ਪ੍ਰਬੰਧਨ ਕਰਨ ਲਈ ਘਰ ਤੋਂ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਜਨਤਕ ਖੇਤਰ ਦੇ ਅਧਿਕਾਰੀ ਸਿਰਫ਼ ਸੰਸਥਾ ਦੇ ਮੁਖੀ ਦੁਆਰਾ ਨਿਰਦੇਸ਼ਿਤ ਹੋਣ 'ਤੇ ਹੀ ਦਫ਼ਤਰ ਤੋਂ ਕੰਮ ਕਰਨਗੇ।

ਸ਼੍ਰੀਲੰਕਾ ਦੀ ਆਰਥਿਕਤਾ ਬਹੁਤ ਮਾੜੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਚੀਜ਼ਾਂ ਦੀ ਦਰਾਮਦ ਲਈ ਸਰਕਾਰ ਕੋਲ ਵਿਦੇਸ਼ੀ ਮੁਦਰਾ ਦੀ ਭਾਰੀ ਕਮੀ ਹੈ। ਪੈਟਰੋਲ, ਐਲਪੀਜੀ ਅਤੇ ਇੱਥੋਂ ਤੱਕ ਕਿ ਦਵਾਈਆਂ ਦੀ ਵੀ ਭਾਰੀ ਕਮੀ ਹੈ। ਇਸ ਨੂੰ ਦੂਰ ਕਰਨ ਲਈ ਸਰਕਾਰ ਕਈ ਤਰੀਕੇ ਲੱਭ ਰਹੀ ਹੈ। ਹਾਲਾਂਕਿ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਭੋਜਨ ਤੇ ਆਵਾਜਾਈ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਭੋਜਨ ਅਤੇ ਹੋਰ ਸਮਾਨ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਵੇਗਾ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਦੇ ਅਨੁਸਾਰ ਟਾਪੂ ਦੇਸ਼ ਵਿੱਚ ਸਾਲਾਨਾ ਮਹਿੰਗਾਈ ਮਾਰਚ ਵਿੱਚ 21.5% ਤੋਂ ਅਪ੍ਰੈਲ ਵਿੱਚ ਵਧ ਕੇ 33.8% ਹੋ ਗਈ।

ਕੋਲੰਬੋ ਵਿੱਚ ਇੱਕ ਥਿੰਕ ਟੈਂਕ ਐਡਵੋਕੇਟ ਸੰਸਥਾ ਦੇ ਵਿਸ਼ਲੇਸ਼ਕ ਧਨਨਾਥ ਫਰਨਾਂਡੋ ਨੇ ਕਿਹਾ ਕਿ ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ ਪੈਟਰੋਲ ਦੀ ਕੀਮਤ ਵਿੱਚ 259 ਫੀਸਦੀ ਅਤੇ ਡੀਜ਼ਲ ਦੀ ਕੀਮਤ ਵਿੱਚ 231 ਫੀਸਦੀ ਦਾ ਵਾਧਾ ਹੋਇਆ ਹੈ। ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ 'ਦੇਸ਼ 'ਚ ਲਗਾਤਾਰ ਵਧ ਰਹੀ ਮਹਿੰਗਾਈ ਨਾਲ ਸਭ ਤੋਂ ਵੱਧ ਮਾਰ ਗਰੀਬਾਂ 'ਤੇ ਪਈ ਹੈ। ਇਸ ਸਮੱਸਿਆ ਦੇ ਹੱਲ ਲਈ ਸਰਕਾਰ ਨੂੰ ਕੈਸ਼ ਟਰਾਂਸਫਰ ਸਿਸਟਮ ਅਪਨਾਉਣਾ ਚਾਹੀਦਾ ਹੈ। ਹਾਲਾਂਕਿ ਮਹਿੰਦਾ ਰਾਜਪਕਸ਼ੇ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ ਰਾਨਿਲ ਵਿਕਰਮਸਿੰਘੇ ਨੇ ਪਿਛਲੇ ਹਫਤੇ ਇਹ ਗੱਲ ਕਹੀ ਸੀ।

Posted By: Sarabjeet Kaur