ਏਐੱਨਆਈ, ਕਾਠਮੰਡੂ : ਨੇਪਾਲ ਦੇ ਵਿਭਿੰਨ ਹਿੱਸਿਆਂ 'ਚ ਪਿਛਲੇ ਚਾਰ ਦਿਨਾਂ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 61 ਲੋਕ ਮਾਰੇ ਗਏ ਹਨ ਜਦਕਿ 41 ਲੋਕ ਲਾਪਤਾ ਹੋ ਗਏ ਹਨ। ਪੱਛਮੀ ਨੇਪਾਲ ਦਾ ਮਾਇਆਗੜ੍ਹੀ ਜ਼ਿਲ੍ਹਾ 27 ਮੌਤਾਂ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਿਹਾ। ਲਾਪਤਾ ਲੋਕਾਂ ਨੂੰ ਖੋਜਣ ਲਈ ਅਧਿਕਾਰੀਆਂ ਤੇ ਪੁਲਿਸ ਕਰਮਚਾਰੀਆਂ ਦੇ ਨਾਲ ਖੋਜ ਅਤੇ ਬਚਾਅ ਮੁਹਿੰਮ ਜਾਰੀ ਹੈ। ਜ਼ਿਲ੍ਹੇ 'ਚ ਸੈਂਕੜੇ ਲੋਕ ਬੇਘਰ ਹੋ ਗਏ ਹਨ ਕਿਉਂਕਿ ਜ਼ਮੀਨ ਖਿਸਕਣ ਕਾਰਨ ਉਨ੍ਹਾਂ ਦੇ ਘਰ ਵੀ ਰੁੜ੍ਹ ਗਏ। ਉਨ੍ਹਾਂ ਨੇ ਹੁਣ ਸਥਾਨਿਕ ਸਕੂਲਾਂ ਅਤੇ ਭਾਈਚਾਰਕ ਕੇਂਦਰਾਂ 'ਚ ਸ਼ਰਣ ਲੈ ਲਈ ਹੈ।

ਮੰਸੁਵਾ ਬੀਕੇ, ਜਿਨ੍ਹਾਂ ਨੇ ਹੁਣ ਮਾਈਗਾੜੀ ਜ਼ਿਲ੍ਹੇ ਦੇ ਬਿਮ 'ਚ ਇਕ ਸਥਾਨਕ ਸਕੂਲ 'ਚ ਸ਼ਰਣ ਲੈ ਰੱਖੀ ਹੈ, ਉਨ੍ਹਾਂ ਨੇ ਏਐੱਨਆਈ ਨੂੰ ਦੱਸਿਆ, 'ਮੇਰਾ ਬੱਚਾ ਛੇ ਮਹੀਨਿਆਂ ਦਾ ਹੈ। ਅਸੀਂ ਸਕੂਲ 'ਚ ਸ਼ਰਣ ਲੈ ਰਹੇ ਹਨ। ਮੇਰੇ ਪਰਿਵਾਰ 'ਚ ਮੇਰਾ ਬੱਚਾ ਤੇ ਮੈਂ ਹੀ ਬਚੇ ਹਾਂ। ਮੈਂ ਉਸਨੂੰ ਆਪਣੇ ਹੱਥਾਂ ਨਾਲ ਫੜ ਲਿਆ ਅਤੇ ਫਿਰ ਜ਼ਮੀਨ ਖਿਸਕਣ ਨਾਲ ਮੇਰਾ ਘਰ ਰੁੜ੍ਹ ਗਿਆ।'

ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਮਾਇਆਗਾੜੀ ਦੇ ਧੌਲਾਗਿਰੀ ਗ੍ਰਾਮ ਪ੍ਰੀਸ਼ਦ ਦੇ ਗ੍ਰਾਮ ਪ੍ਰੀਸ਼ਦ ਮੈਂਬਰ ਧਮਸਰਾ ਪੁਨ ਨੇ ਕਿਹਾ, 'ਪਹਿਲੇ ਚਰਣ 'ਚ ਅਸੀਂ ਜ਼ਖ਼ਮੀਆਂ ਨੂੰ ਬਚਾਇਆ, ਜਿਸਨੂੰ ਲਗਪਗ 30-35 ਘੰਟੇ ਲੱਗੇ। ਅਸੀਂ ਲਾਪਤਾ ਲੋਕਾਂ ਲਈ ਆਪਣੀ ਖੋਜ ਮੁਹਿੰਮ ਜਾਰੀ ਰੱਖ ਰਹੇ ਹਾਂ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਮਲਬੇ 'ਚ ਦੱਬੇ ਹੋਏ ਹਨ ਅਤੇ ਜੋ ਮ੍ਰਿਤਕ ਹਨ ਉਨ੍ਹਾਂ ਦੀ ਪਛਾਣ ਅਤੇ ਉਨ੍ਹਾਂ ਦੇ ਸਸਕਾਰ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ।' ਸਥਾਨਿਕ ਨਿਕਾਸ ਪ੍ਰਤੀਨਿਧੀ ਨੇ ਕਿਹਾ ਕਿ ਸਾਡੇ ਦੋ ਵਾਰਡ ਜ਼ਮੀਨ ਖਿਸਕਣ ਕਾਰਨ ਪੂਰੀ ਤਰ੍ਹੀ ਨਾਲ ਰੁੜ੍ਹ ਗਏ।

ਦੱਸ ਦੇਈਏ ਕਿ ਮੌਨਸੂਨ ਦੇ ਮੌਸਮ 'ਚ ਹਿਮਾਲਿਆ ਰਾਸ਼ਟਰ 'ਚ ਜ਼ਮੀਨ ਖਿਸਕਣਾ ਤੇ ਹੜ੍ਹ ਆਉਣੇ ਇਕ ਆਮ ਘਟਨਾ ਹੈ। 12 ਜੁਲਾਈ ਤਕ, ਲਗਪਗ ਇਕ ਹਜ਼ਾਰ ਲੋਕ ਘਰੋਂ ਬੇ-ਘਰ ਹੋ ਗਏ ਅਤੇ ਆਸਪਾਸ ਦੇ ਸਕੂਲਾਂ 'ਚ ਸ਼ਰਣ ਲੈ ਲਈ ਅਤੇ ਦਾਨਕਰਤਾਵਾਂ ਦੇ ਸਮਰਥਨ 'ਤੇ ਭਰੋਸਾ ਕਰ ਰਹੇ ਹਨ।

Posted By: Ramanjit Kaur