ਮਾਸਕੋ (ਏਜੰਸੀਆਂ) : ਰੂਸ ਵਿਚ ਪੁਤਿਨ ਦੇ ਕੱਟੜ ਵਿਰੋਧੀ ਨੇਤਾ ਅਲੈਕਸੀ ਨਵਲਨੀ ਦੀ ਗਿ੍ਫ਼ਤਾਰੀ ਦੇ ਵਿਰੋਧ ਵਿਚ ਸਿਆਸੀ ਮਾਹੌਲ ਗਰਮਾ ਗਿਆ ਹੈ। ਸ਼ਨਿਚਰਵਾਰ ਨੂੰ ਨਵਲਨੀ ਸਮਰਥਕ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ। ਇਕੱਲੀ ਰਾਜਧਾਨੀ ਮਾਸਕੋ ਵਿਚ ਹੀ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਪ੍ਰਦਰਸ਼ਨ ਕੀਤਾ। ਦੇਸ਼ ਦੇ ਹੋਰ ਸਥਾਨਾਂ 'ਤੇ ਵੀ ਜ਼ਬਰਦਸਤ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਲਈ ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ, ਅੱਥਰੂ ਗੈਸ ਦੇ ਗੋਲੇ ਛੱਡੇ। ਲਗਪਗ 900 ਲੋਕਾਂ ਦੀ ਗਿ੍ਫ਼ਤਾਰੀ ਕੀਤੀ ਗਈ ਹੈ। ਰੂਸ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਨਵਲਨੀ ਦੀ ਗਿ੍ਫ਼ਤਾਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਈ ਸ਼ਹਿਰਾਂ ਵਿਚ ਮੋਬਾਈਲ ਸੇਵਾ ਬੰਦ ਕਰ ਦਿੱਤੀ ਗਈ ਹੈ। ਪੁਲਿਸ ਨੇ ਨਵਲਨੀ ਦੀ ਪਤਨੀ ਯੂਲਿਨਾ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ। ਅਗਸਤ ਵਿਚ ਜ਼ਹਿਰ ਦੇਣ ਦੀ ਘਟਨਾ ਪਿੱਛੋਂ ਨਵਲਨੀ ਦਾ ਪਿਛਲੇ ਪੰਜ ਮਹੀਨਿਆਂ ਤੋਂ ਜਰਮਨੀ ਵਿਚ ਇਲਾਜ ਚੱਲ ਰਿਹਾ ਸੀ। ਪਿਛਲੇ ਐਤਵਾਰ ਨੂੰ ਉਹ ਆਪਣੇ ਦੇਸ਼ ਪਰਤੇ ਸਨ। ਇੱਥੇ ਮਾਸਕੋ ਵਿਚ ਉਤਰਦਿਆਂ ਹੀ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਉਨ੍ਹਾਂ 'ਤੇ ਪੈਰੋਲ ਦੇ ਨਿਯਮਾਂ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਨਵਲਨੀ ਨੂੰ 30 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ।

ਨਵਲਨੀ ਨੇ ਖ਼ੁਦ ਨੂੰ ਨਿਰਦੋਸ਼ ਦੱਸਦੇ ਹੋਏ ਸਮਰਥਕਾਂ ਨੂੰ ਪ੍ਰਦਰਸ਼ਨ ਦੀ ਅਪੀਲ ਕੀਤੀ ਸੀ। ਆਪਣੇ ਨੇਤਾ ਦੀ ਗਿ੍ਫ਼ਤਾਰੀ ਪਿੱਛੋਂ ਰੂਸ ਵਿਚ ਹਜ਼ਾਰਾਂ ਲੋਕ ਇਕੱਠੇ ਸੜਕਾਂ 'ਤੇ ਉਤਰ ਆਏ। ਕੜਾਕੇ ਦੀ ਸਰਦੀ ਵਿਚ ਰੂਸ ਦੇ ਮਾਸਕੋ ਸ਼ਹਿਰ ਵਿਚ 10 ਹਜ਼ਾਰ ਲੋਕਾਂ ਨੇ ਨਵਲਨੀ ਨੂੰ ਰਿਹਾਅ ਕਰਨ ਲਈ ਪ੍ਰਦਰਸ਼ਨ ਕੀਤਾ। ਗ੍ਹਿ ਮੰਤਰੀ ਅਨੁਸਾਰ ਹੀ ਪ੍ਰਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਚਾਰ ਹਜ਼ਾਰ ਸੀ। ਪ੍ਰਦਰਸ਼ਨਕਾਰੀ ਪੁਤਿਨ ਅਤੇ ਸਰਕਾਰ ਖ਼ਿਲਾਫ਼ ਨਾਅਰੇ ਲਗਾ ਰਹੇ ਸਨ। ਵਲਾਡੀਵੋਸਟਕ 'ਚ ਵੀ ਨਵਲਨੀ ਸਮਰਥਕਾਂ ਨੇ ਪ੍ਰਦਰਸ਼ਨ ਕੀਤਾ। ਸਾਇਬੇਰੀਆ ਦੇ ਕਈ ਸ਼ਹਿਰਾਂ ਵਿਚ ਤਾਪਮਾਨ -17 ਤੋਂ ਲੈ ਕੇ -52 ਡਿਗਰੀ ਸੈਲਸੀਅਸ ਹੋਣ ਦੇ ਬਾਵਜੂਦ ਵੀ ਉਨ੍ਹਾਂ ਸ਼ਹਿਰਾਂ ਵਿਚ ਪ੍ਰਦਰਸ਼ਨ ਹੋਏ। ਇਨ੍ਹਾਂ ਸਾਰੇ ਸ਼ਹਿਰਾਂ ਵਿਚ ਪੁਲਿਸ ਨੇ ਸਖ਼ਤੀ ਨਾਲ ਪ੍ਰਦਰਸ਼ਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਖ਼ਬਰਾਂ ਮੁਤਾਬਕ ਰੂਸ ਦੇ 40 ਸ਼ਹਿਰਾਂ ਵਿਚ ਪੁਤਿਨ ਅਤੇ ਸਰਕਾਰ ਦੇ ਵਿਰੋਧ ਵਿਚ ਪ੍ਰਦਰਸ਼ਨ ਹੋਏ। ਛੋਟੇ ਤੋਂ ਛੋਟੇ ਸ਼ਹਿਰਾਂ ਤੋਂ ਵਿਰੋਧ ਵਿਚ ਟਵੀਟ ਕੀਤੇ ਜਾ ਰਹੇ ਸਨ।

ਉਧਰ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਪੂਰੀ ਤਰ੍ਹਾਂ ਨਾਜਾਇਜ਼ ਹਨ। ਇਨ੍ਹਾਂ ਦੀ ਕਾਨੂੰਨੀ ਤੌਰ 'ਤੇ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਸੀ। ਹਾਲਾਤ 'ਤੇ ਕਾਬੂ ਪਾਉਣ ਲਈ ਸਰਕਾਰ ਨੇ ਕਈ ਥਾਵਾਂ 'ਤੇ ਮੋਬਾਈਲ ਫੋਨ ਅਤੇ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪੁਤਿਨ ਵਿਰੋਧੀ ਅਲੈਕਸੀ ਨਵਲਨੀ ਦੀ ਗਿ੍ਫ਼ਤਾਰੀ 'ਤੇ ਸੰਯੁਕਤ ਰਾਸ਼ਟਰ, ਅਮਰੀਕਾ ਅਤੇ ਯੂਰਪੀ ਦੇਸ਼ ਸਖ਼ਤ ਵਿਰੋਧ ਪ੍ਰਗਟ ਕਰ ਚੁੱਕੇ ਹਨ। ਯੂਰਪੀ ਸੰਘ ਤੋਂ ਰੂਸ ਦੇ ਖ਼ਿਲਾਫ਼ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਗਈ ਹੈ।