ਕਾਹਿਰਾ (ਏਪੀ) : ਮਿਸਰ ਦੇ ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ (91) ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਲਗਪਗ 30 ਸਾਲ ਦੇ ਆਪਣੇ ਸ਼ਾਸਨ ਦੌਰਾਨ ਮੱਧ ਪੂਰਬ ਵਿਚ ਆਪਣਾ ਪ੍ਰਭਾਵ ਕਾਇਮ ਰੱਖਿਆ। ਆਪਣੇ ਸ਼ਾਸਨ ਦੌਰਾਨ ਉਹ ਅਮਰੀਕਾ ਦਾ ਸਹਿਯੋਗੀ ਰਿਹਾ ਤੇ ਇਸਲਾਮਿਕ ਅੱਤਵਾਦ ਖ਼ਿਲਾਫ਼ ਸੰਘਰਸ਼ ਕੀਤਾ।

ਹੋਸਨੀ ਮੁਬਾਰਕ ਖ਼ਿਲਾਫ਼ ਦੇਸ਼-ਪੱਧਰੀ ਵਿਦਰੋਹ ਪਿੱਛੋਂ 11 ਫਰਵਰੀ, 2011 ਨੂੰ ਫ਼ੌਜ ਨੇ ਸੱਤਾ 'ਤੇ ਕਬਜ਼ਾ ਕਰ ਲਿਆ। ਜੂਨ 2012 ਵਿਚ 900 ਪ੍ਰਦਰਸ਼ਨਕਾਰੀਆਂ ਦੀ ਮੌਤ ਦੇ ਦੋਸ਼ ਹੇਠ ਮੁਬਾਰਕ ਤੇ ਉਸ ਦੇ ਸਕਿਓਰਿਟੀ ਚੀਫ ਨੂੰ ਉਮਰ ਭਰ ਲਈ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਉਨ੍ਹਾਂ ਉਪਰਲੀ ਅਦਾਲਤ 'ਚ ਅਪੀਲ ਕੀਤੀ ਤੇ 2014 'ਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ। ਇਸ ਪਿੱਛੋਂ ਉਹ ਬਿਮਾਰ ਹੀ ਚੱਲ ਰਹੇ ਸਨ ਤੇ 2014 ਵਿਚ ਅਦਾਲਤ ਦੇ ਫ਼ੈਸਲੇ ਸਮੇਂ ਉਨ੍ਹਾਂ ਨੂੰ ਸਟਰੈਚਰ 'ਤੇ ਪਾ ਕੇ ਪੇਸ਼ ਕੀਤਾ ਗਿਆ ਸੀ।