ਹਾਂਗਕਾਂਗ (ਰਾਇਟਰ) : ਹਾਂਗਕਾਂਗ 'ਚ ਹੁਣ ਅਧਿਆਪਕਾਂ ਨੇ ਵੀ ਲੋਕਤੰਤਰ ਦੀ ਹਮਾਇਤ 'ਚ ਮੋਰਚਾ ਖੋਲ੍ਹ ਦਿੱਤਾ ਹੈ। ਮੁਜ਼ਾਹਰਾਕਾਰੀਆਂ ਦਾ ਸਾਥ ਦਿੰਦਿਆਂ ਸ਼ਨਿਚਰਵਾਰ ਨੂੰ ਹਜ਼ਾਰਾਂ ਅਧਿਆਪਕਾਂ ਨੇ ਇੱਥੋਂ ਦੀ ਪ੍ਰਮੁੱਖ ਆਗੂ ਕੈਰੀ ਲੈਮ ਦੇ ਸਰਕਾਰੀ ਰਿਹਾਇਸ਼ ਤਕ ਸ਼ਾਂਤਮਈ ਮਾਰਚ ਕੀਤਾ। ਮਾਰਚ 'ਚ ਸ਼ਾਮਲ ਗਣਿਤ ਦੇ ਅਧਿਆਪਕ ਸੀਐੱਸ ਚਾਨ ਨੇ ਕਿਹਾ, 'ਸਰਕਾਰ ਸਾਨੂੰ ਮਹੀਨਿਆਂ ਤੋਂ ਨਜ਼ਰਅੰਦਾਜ਼ ਕਰ ਰਹੀ ਹੈ। ਸਾਨੂੰ ਮੁਜ਼ਾਹਰਾ ਜਾਰੀ ਰੱਖਣਾ ਪਵੇਗਾ।' ਪੁਲਿਸ ਮੁਤਾਬਕ ਰੈਲੀ 'ਚ ਕੁੱਲ 8300 ਅਧਿਆਪਕ ਸ਼ਾਮਲ ਹੋਏ ਸਨ।

ਜੂਨ 'ਚ ਲੱਖਾਂ ਮੁਜ਼ਾਹਰਾਕਾਰੀਆਂ, ਖ਼ਾਸ ਕਰ ਵਿਦਿਆਰਥੀਆਂ ਨੇ ਪ੍ਰਸਤਾਵਿਤ ਹਵਾਲਗੀ ਕਾਨੂੰਨ ਨੂੰ ਲੈ ਕੇ ਵਿਰੋਧ ਸ਼ੁਰੂ ਕੀਤਾ ਸੀ। ਇਸ ਕਾਨੂੰਨ 'ਚ ਸ਼ੱਕੀਆਂ ਤੇ ਅਪਰਾਧੀਆਂ ਨੂੰ ਮੁਕੱਦਮੇ ਲਈ ਸਿੱਧੇ ਚੀਨ ਹਵਾਲਗੀ ਕਰਨ ਦੀ ਤਜਵੀਜ਼ ਕੀਤੀ ਗਈ ਸੀ। ਇੱਥੋਂ ਦੇ ਲੋਕ ਇਸ ਕਾਨੂੰਨ ਨੂੰ ਹਾਂਗਕਾਂਗ ਦੀ ਖ਼ੁਦਮੁਖ਼ਤਾਰੀ 'ਤੇ ਖ਼ਤਰਾ ਮੰਨਦੇ ਹਨ। ਵਿਰੋਧ ਦੇ ਦਬਾਅ 'ਚ ਲੈਮ ਨੇ ਬਿੱਲ ਨੂੰ ਮੁਅੱਲਤ ਕਰ ਦਿੱਤਾ ਸੀ, ਪਰ ਹੁਣ ਅੰਦੋਲਨ ਦਾ ਰੁਖ਼ ਬਦਲ ਗਿਆ ਹੈ। ਇਸ ਨੇ ਲੋਕਤੰਤਰ ਹਮਾਇਤੀ ਅੰਦੋਲਨ ਦਾ ਰੂਪ ਧਾਰ ਲਿਆ ਹੈ। ਵਿਦਿਆਰਥੀ ਹਵਾਲਗੀ ਕਾਨੂੰਨ ਨੂੰ ਅਧਿਕਾਰਕ ਰੂਪ ਨਾਲ ਵਾਪਸ ਲੈਣ ਦੇ ਨਾਲ ਹੀ ਲੈਮ ਦੇ ਅਸਤੀਫ਼ੇ ਤੇ ਲੋਕਤੰਤਰੀ ਸੁਧਾਰਾਂ ਦੀ ਮੰਗ ਕਰ ਰਹੇ ਹਨ। ਬੀਤੇ ਕੁਝ ਹਫ਼ਤਿਆਂ 'ਚ ਮੁਜ਼ਾਹਰੇ ਨੇ ਹਿੰਸਕ ਰੂਪ ਧਾਰ ਲਿਆ ਹੈ। ਹਵਾਈ ਅੱਡੇ 'ਤੇ ਮੁਜ਼ਾਹਰਾਕਾਰੀਆਂ ਦੇ ਇਕੱਠੇ ਹੋਣ ਕਾਰਨ ਇਸ ਹਫ਼ਤੇ ਹਜ਼ਾਰਾਂ ਉਡਾਣਾਂ ਨੂੰ ਵੀ ਰੱਦ ਕਰਨਾ ਪਿਆ। ਕਿਆਸ ਲਾਇਆ ਜਾ ਰਿਹਾ ਸੀ ਕਿ ਹਿੰਸਾ ਤੇ ਲੋਕਾਂ ਨੂੰ ਹੋਈ ਪਰੇਸ਼ਾਨੀ ਕਾਰਨ ਮੁਜ਼ਾਹਰਾਕਾਰੀਆਂ ਨੂੰ ਮਿਲਣ ਵਾਲੀ ਹਮਾਇਤ ਘੱਟ ਹੋ ਸਕਦੀ ਹੈ। ਹਾਲਾਂਕਿ ਜ਼ਮੀਨੀ ਪੱਧਰ 'ਤੇ ਅਜਿਹਾ ਨਹੀਂ ਨਜ਼ਰ ਆਇਆ। ਇੱਥੋਂ ਤਕ ਕਿ ਮੁਜ਼ਾਹਰੇ ਕਾਰਨ ਹਵਾਈ ਅੱਡੇ 'ਤੇ ਫਸੇ ਯਾਤਰੀ ਵੀ ਇਨ੍ਹਾਂ ਦੀ ਮੰਗ ਨੂੰ ਸਹੀ ਮੰਨ ਰਹੇ ਹਨ। ਦੂਜੇ ਪਾਸੇ, ਅਧਿਆਪਕਾਂ ਦਾ ਸਾਥ ਮਿਲਣ ਨਾਲ ਮੁਜ਼ਾਹਰਾਕਾਰੀਆਂ ਦਾ ਪੱਖ ਹੋਰ ਮਜ਼ਬੂਤ ਹੋਇਆ ਹੈ।

40 ਸਾਲਾ ਸੰਗੀਤ ਅਧਿਆਪਕ ਯੂ ਨੇ ਕਿਹਾ ਕਿ ਉਹ ਮੁਜ਼ਾਹਰਾਕਾਰੀਆਂ ਦੇ ਸਾਰੇ ਤਰੀਕਿਆਂ ਨਾਲ ਸਹਿਮਤ ਨਹੀਂ ਹਨ, ਫਿਰ ਵੀ ਉਨ੍ਹਾਂ ਦੀ ਹਮਾਇਤ ਕਰਦੇ ਹਨ। ਉਨ੍ਹਾਂ ਕਿਹਾ, 'ਮੈਂ ਹਾਂਗਕਾਂਗ ਪ੍ਰਤੀ ਉਨ੍ਹਾਂ ਦੇ ਪਿਆਰ ਦੀ ਸ਼ਲਾਘਾ ਕਰਦੀ ਹਾਂ। ਉਹ ਸਾਰੇ ਸਾਡੀ ਸਰਕਾਰ ਤੋਂ ਜ਼ਿਆਦਾ ਸਾਹਸੀ ਹਨ।' ਇਕ ਹੋਰ ਅਧਿਆਪਕ ਨੇ ਕਿਹਾ ਕਿ ਲੈਮ ਜੇਕਰ ਸ਼ੁਰੂਆਤ 'ਚ ਹੀ ਗੱਲ ਮੰਨ ਲੈਂਦੀ ਤਾਂ ਕਿਸੇ ਨੂੰ ਵੀ ਹਿੰਸਾ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਉੱਧਰ, ਹਾਂਗਕਾਂਗ ਦੇ ਉੱਤਰੀ ਹਿੱਸੇ 'ਚ ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ਨੇ ਰੈਲੀ ਕੱਢੀ। ਰੈਲੀ ਦੇ ਪ੍ਰਬੰਧਕਾਂ ਮੁਤਾਬਕ ਕਰੀਬ ਤਿੰਨ ਲੱਖ ਲੋਥਾਂ ਨੇ ਇਸ 'ਚ ਹਿੱਸਾ ਲਿਆ। ਰੈਲੀ ਦੌਰਾਨ ਉੱਥੋਂ ਦੇ ਨਿਵਾਸੀਆਂ ਨੇ ਪ੍ਰਦਰਸ਼ਨਕਾਰੀਆਂ ਲਈ ਪਾਣੀ ਤੇ ਨਾਸ਼ਤੇ ਦਾ ਵੀ ਇੰਤਜ਼ਾਮ ਕੀਤਾ ਸੀ।