ਹਾਂਗਕਾਂਗ (ਏਜੰਸੀਆਂ) : ਹਾਂਗਕਾਂਗ ਦੇ ਵਿਚਕਾਰ ਮੁੱਖ ਕਾਰੋਬਾਰੀ ਇਲਾਕੇ ਦੀ ਧਰਤੀ 'ਤੇ ਐਤਵਾਰ ਨੂੰ ਕਾਲੇ ਰੰਗ ਦੀ ਚਾਦਰ ਵਿਛ ਗਈ। ਜਿਸ ਸੜਕ 'ਤੇ ਦੇਖੋ ਉਸੇ ਤੋਂ ਕਾਲੇ ਕੱਪੜੇ ਪਾਈ ਲੋਕਤੰਤਰ ਸਮਰਥਕਾਂ ਦੀ ਭੀੜ ਪਹੁੰਚ ਰਹੀ ਸੀ। ਬੱਚੇ-ਬੁੱਢੇ ਤੇ ਜਵਾਨ, ਸਾਰਿਆਂ ਦੇ ਮੂਹੋਂ-ਆਜ਼ਾਦੀ ਲਈ ਹਾਂਗਕਾਂਗ ਨਾਲ ਖੜ੍ਹੇ ਹੋਣ ਦਾ ਨਾਅਰਾ ਨਿਕਲ ਰਿਹਾ ਸੀ। ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ 'ਤੇ ਰੈਲੀ 'ਚ ਲੱਖਾਂ ਲੋਕਾਂ ਨੇ ਹਿੱਸਾ ਲਿਆ। ਇਹ ਹੁਣ ਦੇ ਮਹੀਨਿਆਂ ਦਾ ਸਭ ਤੋਂ ਵੱਡਾ ਇਕੱਠ ਸੀ। ਪੁਲਿਸ ਵੀ ਵੇਲੇ ਦੀ ਨਜ਼ਾਕਤ ਨੂੰ ਸਮਝ ਰਹੀ ਸੀ। ਸੰਜਮ ਵਰਤਣ ਦਾ ਐਲਾਨ ਉਸ ਨੇ ਪਹਿਲਾਂ ਹੀ ਕੀਤਾ ਹੋਇਆ ਸੀ। ਇਸ ਦੌਰਾਨ ਹਥਿਆਰ ਲੈ ਕੇ ਆ ਰਹੇ 11 ਲੋਕ ਗਿ੍ਫ਼ਤਾਰ ਹੋਏ।

ਹੁਣੇ ਹੋਈਆਂ ਸਥਾਨਕ ਚੋਣਾਂ 'ਚ ਲੋਕਤੰਤਰ ਸਮਰਥਕਾਂ ਨੂੰ ਮਿਲੀ ਵੱਡੀ ਕਾਮਯਾਬੀ ਨੇ ਜ਼ਾਹਿਰ ਕਰ ਦਿੱਤਾ ਹੈ ਕਿ ਹਾਂਗਕਾਂਗ ਕੀ ਚਾਹੁੰਦਾ ਹੈ। ਇਸੇ ਕਾਰਨ ਪਾਲੀਟੈਕਨਿਕ ਯੂਨੀਵਰਸਿਟੀ 'ਚ ਅੱਡਾ ਲਾਈ ਬੈਠੇ ਹਜ਼ਾਰਾਂ ਅੰਦੋਲਨਕਾਰੀਆਂ ਨੂੰ ਖਦੇੜਨ ਦੇ ਕੁਝ ਹੀ ਦਿਨਾਂ ਬਾਅਦ ਪੁਲਿਸ ਨੇ ਆਪਣਾ ਰੁਖ਼ ਬਦਲਿਆ ਹੈ। ਅੰਦੋਲਨ ਨੂੰ ਮਿਲ ਰਹੇ ਕੌਮਾਂਤਰੀ ਸਮਰਥਨ ਨੂੰ ਦੇਖਦਿਆਂ ਸਥਾਨਕ ਸਰਕਾਰ 'ਤੇ ਦਬਾਅ ਬਣ ਗਿਆ ਹੈ ਕਿ ਅੰਦੋਲਨ ਨਾਲ ਉਹ ਚੌਕਸੀ ਤੇ ਸ਼ਾਂਤੀਪੂਰਨ ਢੰਗ ਨਾਲ ਨਜਿੱਠੇ। ਰੈਲੀ ਦੌਰਾਨ ਹਾਂਗਕਾਂਗ ਦੀ ਚੀਨ ਸਮਰਥਕ ਸਰਕਾਰ ਪ੍ਰਤੀ ਲੋਕਾਂ ਦਾ ਗੁੱਸਾ ਸਾਫ਼ ਦਿਖਾਈ ਦਿੱਤਾ। ਜੁਲੂਸ 'ਚ ਸ਼ਾਮਿਲ ਹੋ ਕੇ ਰੈਲੀ 'ਚ ਪੁੱਜੇ 50 ਸਾਲਾ ਵਾਂਗ ਦਾ ਕਹਿਣਾ ਸੀ ਕਿ ਅਸੀਂ ਵੱਖ-ਵੱਖ ਤਰੀਕਿਆਂ ਨਾਲ ਆਪਣੀ ਮਕਸਦ ਪ੍ਰਗਟਾਅ ਰਹੇ ਹਾਂ। ਕੁਝ ਲੋਕ ਸੜਕਾਂ 'ਤੇ ਅੰਦੋਲਨ ਕਰ ਰਹੇ ਹਨ, ਕੁਝ ਵਿਦੇਸ਼ਾਂ 'ਚ ਸਾਡੀ ਆਵਾਜ਼ ਉਠਾ ਰਹੇ ਹਨ ਤੇ ਕੁਝ ਚੋਣਾਂ ਜ਼ਰੀਏ ਲੋਕਤੰਤਰ ਦੀ ਮੰਗ ਕਰ ਰਹੇ ਹਨ। ਪਰ ਸਰਕਾਰ ਸਾਡੀ ਆਵਾਜ਼ ਨਹੀਂ ਸੁਣ ਰਹੀ। ਉਹ ਸਿਰਫ਼ ਚੀਨ ਦੀ ਕਮਿਊਨਿਸਟ ਪਾਰਟੀ ਦਾ ਹੁਕਮ ਮੰਨ ਰਹੀ ਹੈ। ਅਸੀਂ ਆਪਣੀ ਮੰਗ ਲੈ ਕੇ ਅੱਗੇ ਵਧਣਾ ਜਾਰੀ ਰੱਖਾਂਗੇ। ਵਿਕਟੋਰੀਆ ਪਾਰਕ ਤੋਂ ਜੁਲੂਸ ਦੀ ਸ਼ਕਲ 'ਚ ਆਪਣੇ ਬੱਚਿਆਂ ਨਾਲ ਕਾਲੇ ਕੱਪੜਿਆਂ 'ਚ ਆਈ 40 ਸਾਲਾ ਮਹਿਲਾ ਨੇ ਕਿਹਾ ਕਿ ਜਦੋਂ ਤਕ ਉਸ 'ਚ ਜਾਨ ਹੈ-ਉਦੋਂ ਤਕ ਉਹ ਹਾਂਗਕਾਂਗ ਦੀ ਆਜ਼ਾਦੀ ਦੀ ਲੜਾਈ ਲੜੇਗੀ। ਅੱਜ ਹਾਂਗਕਾਂਗ ਨਾਲ ਹਰ ਕੋਈ ਖੜ੍ਹਾ ਹੈ-ਕੌਮਾਂਤਰੀ ਭਾਈਚਾਰਾ ਵੀ।

ਛੇ ਮਹੀਨੇ ਪੁਰਾਣਾ ਇਹ ਅੰਦੋਲਨ ਅੱਜ ਵੀ ਲੀਡਰਸ਼ਿਪ ਤੋਂ ਬਗ਼ੈਰ ਚੱਲ ਰਿਹਾ ਹੈ। ਅੰਦੋਲਨ ਲਈ ਲੋਕ ਆਨਲਾਈਨ ਅਪੀਲ 'ਤੇ ਸੰਗਠਿਤ ਹੁੰਦੇ ਹਨ ਤੇ ਸੜਕਾਂ 'ਤੇ ਆ ਜਾਂਦੇ ਹਨ। ਇਸ ਕਾਰਨ ਸਰਕਾਰ ਲਈ ਮੁਸ਼ਕਲ ਹੈ ਕਿ ਉਹ ਅੰਦੋਲਨ ਨਾਲ ਨਜਿੱਠਣ ਲਈ ਕਿਸ ਨੂੰ ਘੇਰੇ ਤੇ ਕਿਸ ਨੂੰ ਫੜੇ। ਬੱਚਿਆਂ ਤੋਂ ਲੈ ਕੇ ਬੁੱਢੇ ਤਕ ਹਰ ਕੋਈ ਇਸ ਅੰਦੋਲਨ ਨਾਲ ਜੁੜਿਆ ਹੈ। ਹਿੰਸਾ ਕਾਰਨ ਹਜ਼ਾਰਾਂ ਲੋਕ ਮੁਸ਼ਕਲਾਂ ਝੱਲ ਰਹੇ ਹਨ ਪਰ ਅੰਦੋਲਨ ਦਾ ਆਧਾਰ ਘਟਣ ਦੀ ਥਾਂ ਵਧ ਰਿਹਾ ਹੈ। ਇਹੀ ਹਾਂਗਕਾਂਗ ਨੂੰ ਆਪਣਾ ਹਿੱਸਾ ਮੰਨਣ ਵਾਲੇ ਚੀਨ ਦੀ ਮੁਸ਼ਕਲ ਹੈ।