ਹਾਂਗਕਾਂਗ (ਰਾਇਟਰ) : ਹਾਂਗਕਾਂਗ 'ਚ ਪੁਲਿਸ ਤੇ ਮੁਜ਼ਾਹਰਾਕਾਰੀਆਂ ਦਰਮਿਆਨ ਸ਼ਨਿਚਰਵਾਰ ਨੂੰ ਵੀ ਦਵੰਦ ਜਾਰੀ ਰਿਹਾ। ਤੋੜਭੰਨ ਤੇ ਸੜਕ ਜਾਮ ਕਰ ਰਹੇ ਮੁਜ਼ਾਹਰਾਕਾਰੀਆਂ 'ਤੇ ਕਾਬੂ ਪਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਛੱਡੀ ਤਾਂ ਮੁਜ਼ਾਹਰਾਕਾਰੀਆਂ ਨੇ ਜਵਾਬ 'ਚ ਪਥਰਾਅ ਕੀਤਾ ਤੇ ਪੈਟਰੋਲ ਬੰਬ ਸੁੱਟੇ। ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਦਰਮਿਆਨ ਚੀਨ ਦੀ ਪੁਲਿਸ ਨੇ ਸ਼ੇਨਝੇਨ ਤੋਂ ਗਿ੍ਫ਼ਤਾਰ ਕੀਤੇ ਗਏ ਬਰਤਾਨਵੀ ਵਣਜ ਦੂਤਘਰ ਦੇ ਮੁਲਾਜ਼ਮ ਸਾਈਮਨ ਚੇਂਗ ਨੂੰ ਰਿਹਾ ਕਰ ਦਿੱਤਾ ਹੈ। ਚੇਂਗ ਨੂੰ ਵੇਸਵਾਪੁਣੇ 'ਚ ਸ਼ਾਮਲ ਹੋਣ ਦੇ ਦੋਸ਼ 'ਚ 15 ਦਿਨਾਂ ਲਈ ਗਿ੍ਫ਼ਤਾਰ ਕੀਤਾ ਗਿਆ ਸੀ।

ਟਕਰਾਅ ਦੀ ਸਥਿਤੀ ਮੋਲੋਟੋਵ ਇਲਾਕੇ 'ਚ ਉਦੋਂ ਪੈਦਾ ਹੋਈ ਜਦੋਂ ਮੁਜ਼ਾਹਰਾਕਾਰੀਆਂ ਨੇ ਸੜਕ ਕਿਨਾਰੇ ਲੱਗੇ ਸਮਾਰਟਲੈਂਪ ਤੋੜਨੇ ਸ਼ੁਰੂ ਕੀਤੇ। ਇਨ੍ਹਾਂ ਸਮਾਰਟ ਲੈਂਪਪੋਸਟ 'ਤੇ ਸਰਵਿਲਾਂਸ ਕੈਮਰੇ ਲੱਗੇ ਹੋਏ ਹਨ ਜਿਨ੍ਹਾਂ ਨਾਲ ਪੁਲਿਸ ਨੂੰ ਅੰਦੋਲਨਕਾਰੀਆਂ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਮਿਲ ਜਾਂਦੀ ਹੈ। ਇਸੇ ਦੌਰਾਨ ਕੁਝ ਪ੍ਰਦਰਸ਼ਨਕਾਰੀ ਸੜਕ ਜਾਮ ਕਰ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਟਕਰਾਅ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਅੱਥਰੂ ਗੈਸ ਛੱਡਣੀ ਪਈ। ਦਸ ਦਿਨਾਂ ਦੇ ਅੰਦੋਲਨ ਮਗਰੋਂ ਸ਼ਨਿਚਰਵਾਰ ਨੂੰ ਪੁਲਿਸ ਤੇ ਮੁਜ਼ਾਹਰਾਕਾਰੀਆਂ ਵਿਚਕਾਰ ਅਜਿਹਾ ਹਿੰਸਕ ਟਕਰਾਅ ਹੋਇਆ ਹੈ। ਸ਼ਨਿਚਰਵਾਰ ਨੂੰ ਹਾਂਗਕਾਂਗ ਦੇ ਕਈ ਪ੍ਰਮੁੱਖ ਸਥਾਨਾਂ ਦੀਆਂ ਦੀਵਾਰਾਂ 'ਤੇ ਸਪ੍ਰਰੇ ਪੇਂਟ ਨਾਲ ਲਿਖਿਆ ਹੋਇਆ ਵੇਖਿਆ ਗਿਆ - ਸਾਨੂੰ ਲੋਕਤੰਤਰ ਦਿਓ ਜਾਂ ਸਾਨੂੰ ਮੌਤ ਦਿਓ। ਸਰਕਾਰ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮੁਜ਼ਾਹਰਾਕਾਰੀ ਹਰ ਨਾਗਰਿਕ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰ ਰਹੇ ਹਨ।

ਮੁਜ਼ਾਹਰਾਕਾਰੀਆਂ ਦੀ ਕੌਮਾਂਤਰੀ ਹਵਾਈ ਅੱਡੇ ਦੀਆਂ ਸੇਵਾਵਾਂ ਨੂੰ ਪ੍ਰਭਾਵਿਤ ਕਰਨ ਦੀ ਯੋਜਨਾ ਨੂੰ ਵੇਖਦੇ ਹੋਏ ਵਾਧੂ ਚੌਕਸੀ ਵਰਤੀ ਜਾ ਰਹੀ ਹੈ। ਚੌਕਸੀ ਦਰਮਿਆਨ ਹਵਾਈ, ਸੜਕ ਤੇ ਰੇਲ ਸੇਵਾਵਾਂ ਸਾਧਾਰਨ ਹਨ। ਇਸ ਦਰਮਿਆਨ ਪ੍ਰਸ਼ਾਸਨ ਨੇ ਸੰਘਣੀ ਆਬਾਦੀ ਵਾਲੇ ਇਲਾਕੇ ਕੂਨਟੋਂਗ 'ਚ ਲੋਕਲ ਟ੍ਰੇਨ ਦੇ ਚਾਰ ਸਟੇਸ਼ਨ ਬੰਦ ਕਰਾ ਦਿੱਤੇ ਹਨ। ਅਜਿਹਾ ਮੁਜ਼ਾਹਰਾਕਾਰੀਆਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਕੀਤਾ ਗਿਆ ਹੈ।