ਹਾਂਗਕਾਂਗ (ਏਐੱਫਪੀ) : ਆਰਥਿਕ ਸੁਸਤੀ ਨਾਲ ਨਜਿੱਠਣ ਲਈ ਹਾਂਗਕਾਂਗ ਆਪਣੇ ਹਰ ਸਥਾਈ ਨਾਗਰਿਕ ਨੂੰ 1280 ਡਾਲਰ ਭਾਵ ਲਗਪਗ 90 ਹਜ਼ਾਰ ਰੁਪਏ ਦੇਵੇਗਾ। ਹਾਂਗਕਾਂਗ ਦੇ ਵਿੱਤ ਸਕੱਤਰ ਪਾਲ ਚਾਨ ਨੇ ਸਾਲਾਨਾ ਬਜਟ 'ਚ ਇਸਦਾ ਐਲਾਨ ਕੀਤਾ। ਬਜਟ 'ਚ ਇਸ ਲਈ 12 ਹਜ਼ਾਰ ਕਰੋੜ ਡਾਲਰ (ਅੱਠ ਲੱਖ ਕਰੋੜ ਰੁਪਏ ਤੋਂ ਜ਼ਿਆਦਾ) ਦਾ ਪ੍ਰਬੰਧ ਕੀਤਾ ਗਿਆ ਹੈ। ਹਾਲਾਂਕਿ ਹਾਂਗਕਾਂਗ ਦਾ ਬਜਟ ਘਾਟਾ 4.8 ਫ਼ੀਸਦੀ ਨਾਲ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ।

ਆਰਥਿਕ ਸੁਸਤੀ 'ਚੋ ਲੰਘ ਰਹੇ ਇਸ ਦੇਸ਼ 'ਚ ਲਗਪਗ 70 ਲੱਖ ਸਥਾਈ ਨਾਗਰਿਕ ਹਨ। ਲੋਕਤੰਤਰ ਦੇ ਸਮਰਥਨ 'ਚ ਅੰਦੋਲਨ ਕਾਰਨ ਹਿੰਸਾ, ਅਮਰੀਕਾ-ਚੀਨ ਟਰੇਡ ਵਾਰ ਤੇ ਇਸ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਾਂਗਕਾਂਗ ਦੀ ਆਰਥਿਕ ਸੁਸਤੀ ਲਗਾਤਾਰ ਡੂੰਘੀ ਹੁੰਦੀ ਜਾ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਲੋਕਾਂ ਦੇ ਹੱਥ 'ਚ ਪੈਸਾ ਦੇ ਕੇ ਖਰਚ ਵਧਾਇਆ ਜਾ ਸਕੇਗਾ, ਜਿਸ ਨਾਲ ਖ਼ਪਤ 'ਚ ਵਾਧਾ ਹੋਵੇਗਾ ਤੇ ਸੁਸਤ ਪਏ ਅਰਥਚਾਰੇ ਨੂੰ ਰਫ਼ਤਾਰ ਮਿਲੇਗੀ।

ਆਰਥਿਕ ਸੁਸਤੀ ਤੋਂ ਉਭਰਨ ਲਈ ਬਜਟ 'ਚ ਕਈ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ 'ਚ ਟੈਕਸ ਲਾਭ ਤੇ ਸਸਤਾ ਕਰਜ਼ ਵਰਗੀਆਂ ਸਹੂਲਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਅਜਿਹੀਆਂ ਕੰਪਨੀਆਂ ਲਈ ਸਸਤਾ ਕਰਜ਼ਾ ਮੁਹੱਈਆ ਕਰਵਾਉਣ ਦੀ ਗੱਲ ਕਹੀ ਗਈ ਹੈ, ਜੋ ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਦੇ ਪਾ ਰਹੀਆਂ। ਕਾਬਿਲੇਗੌਰ ਹੈ ਕਿ ਪਿਛਲੇ ਕੁਝ ਮਹੀਨਿਆਂ 'ਚ ਹਾਂਗਕਾਂਗ ਦਾ ਸੈਰ-ਸਪਾਟਾ, ਰੈਸਤਰਾਂ ਤੇ ਰਿਟੇਲ ਸੈਕਟਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਤੇ ਬੇਰੁਜ਼ਗਾਰੀ ਵੀ ਵਧੀ ਹੈ। ਇਸ ਕਾਰਨ ਹਾਂਗਕਾਂਗ ਦੇ ਅਰਥਚਾਰੇ ਦੇ ਕਮਜ਼ੋਰ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।