ਲੰਡਨ (ਪੀਟੀਆਈ) : ਦੁਨੀਆ ਦਾ ਸਭ ਤੋਂ ਮਸਰੂਫ ਹੀਥਰੋ ਹਵਾਈ ਅੱਡੇ ਨੇ ਮੌਜੂਦਾ ਉਡਾਣ ਪਾਬੰਦੀਆਂ ਤੇ ਰੋਜ਼ਾਨਾ ਯਾਤਰੀਆਂ ਦੀ ਵੱਧ ਤੋਂ ਵੱਧ ਗਿਣਤੀ ਦੀ ਸਮਾਂ ਸੀਮਾ 29 ਅਕਤੂਬਰ ਤਕ ਵਧਾ ਦਿੱਤੀ ਹੈ। ਫਿਲਹਾਲ ਇਸ ਹਵਾਈ ਅੱਡੇ ਤੋਂ ਰੋਜ਼ਾਨਾ ਇਕ ਲੱਖ ਲੋਕਾਂ ਨੂੰ ਹੀ ਸਫਰ ਕਰਨ ਦੀ ਆਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਹਵਾਈ ਅੱਡਾ ਪ੍ਰਸ਼ਾਸਨ ਨੇ ਮੁਲਾਜ਼ਮਾਂ ਦੀ ਕਮੀ ਤੇ ਸੇਵਾਵਾਂ ਨੂੰ ਲੈ ਕੇ ਦਬਾਅ ਦੇ ਚਲਦੇ ਇਹ ਫੈਸਲਾ ਕੀਤਾ ਹੈ। ਜੁਲਾਈ ’ਚ ਹਵਾਈ ਅੱਡੇ ਤੋਂ ਸਫਰ ਕਰਨ ਵਾਲੇ ਲੋਕਾਂ ਦੀ ਰੋਜ਼ਾਨਾ ਸੀਮਾ ਇਕ ਲੱਖ ਮਿੱਥੀ ਗਈ ਸੀ ਤੇ ਇਹ 11 ਸਤੰਬਰ ਨੂੰ ਖਤਮ ਹੋਣ ਵਾਲੀ ਸੀ। ਸੋਮਵਾਰ ਨੂੰ ਹਵਾਈ ਅੱਡੇ ਨੇ ਇਸ ਨੂੰ ਅਕਤੂਬਰ ਦੇ ਅੰਤ ਤਕ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਨਾਲ ਸਕੂਲਾਂ ’ਚ ਛਿਮਾਹੀ ਛੁੱਟੀਆਂ ਦੇ ਮੌਕੇ ’ਤੇ ਕਿਤੇ ਜਾਣ ਦੀ ਯੋਜਨਾ ਬਣਾਉਣ ਵਾਲੇ ਪਰਿਵਾਰਾਂ ’ਤੇ ਅਸਰ ਪਵੇਗਾ।

ਹੀਥਰੋ ਹਵਾਈ ਅੱਡੇ ਦੇ ਮੁੱਖ ਵਪਾਰਕ ਅਧਿਕਾਰੀ ਰਾਸ ਬਾਰਕਰ ਨੇ ਕਿਹਾ, ‘ਸਾਡੀ ਪਹਿਲੀ ਚਿੰਤਾ ਇਹ ਪੱਕਾ ਕਰਨਾ ਹੈ ਕਿ ਅਸੀਂ ਆਪਣੇ ਮੁਸਾਫਿਰਾਂ ਨੂੰ ਸਫਰ ਕਰਦੇ ਸਮੇਂ ਇਕ ਵਿਸ਼ਵਾਸਯੋਗ ਸੇਵਾ ਦੇਈਏ। ਅਸੀਂ ਯਾਤਰੀਆਂ ਦੀ ਸੀਮਾ ’ਤੇ ਲੱਗੀ ਰੋਕ ਨੂੰ ਛੇਤੀ ਹੀ ਹਟਾਉਣਾ ਚਾਹੁੰਦੇ ਹਾਂ ਪਰ ਇਹ ਉਦੋਂ ਹੋ ਸਕੇਗਾ, ਜਦੋਂ ਅਸੀਂ ਸਾਰੇ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਦੇਣ ਨੂੰ ਲੈੇ ਕੇ ਪੂਰੀ ਤਰ੍ਹਾਂ ਆਸਵੰਦ ਹੋ ਜਾਵਾਂਗੇ।’

ਕੋਰੋਨਾ ਕਾਲ ’ਚ ਮੁਲਾਜ਼ਮਾਂ ਦੀ ਛਾਂਟੀ ਕਰਕੇ ਵਧੀ ਪਰੇਸ਼ਾਨੀ

ਕੋਰੋਨਾ ਸੰਕਟ ਦੌਰਾਨ ਅੰਤਰਰਾਸ਼ਟਰੀ ਉਜਾਣਾਂ ’ਤੇ ਰੋਕ ਕਰਕੇ ਹਵਾਈ ਅੱਡਾ ਪ੍ਰਸ਼ਾਸਨ ਨੇ ਵੱਡੀ ਗਿਣਤੀ ’ਚ ਮੁਲਾਜ਼ਮਾਂ ਦੀ ਛਾਂਟੀ ਕੀਤੀ ਸੀ। ਹੁਣ ਕੋਰੋਨਾ ਖਤਮ ਹੋਣ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਤਾਂ ਵਧੀ ਹੈ ਪਰ ਗਰਾਊਂਡ ਹੈਂਡਲਿੰਗ ਤੇ ਹੋਰਨਾਂ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਨਹੀਂ ਵੱਧ ਸਕੀ। ਇਸ ਕਰਕੇ ਯਾਤਰੀਆਂ ਨੂੰ ਚੈੱਕਇਨ ਤੇ ਆਪਣਾ ਸਾਮਾਨ ਲੈਣ ਲਈ ਲੰਬੀ ਉਡੀਕ ਕਰਨੀ ਪੈਂਦੀ ਹੈ। ਕੁਝ ਮਹੀਨੇ ਪਹਿਲਾਂ ਤਾਂ ਹਵਾਈ ਅੱਡੇ ’ਤੇ ਯਾਤਰੀਆਂ ਦੇ ਸਾਮਾਨ ਦੇ ਢੇਰ ਲੱਗ ਗਏ ਸਨ। ਹਾਲਾਤ ਇਹ ਸਨ ਕਿ ਕਿਸੇ ਯਾਤਰੀ ਦਾ ਸਾਮਾਨ ਕਿਸੇ ਦੂਜੀ ਉਡਾਣ ’ਚ ਲੋਡ ਕੀਤਾ ਜਾ ਰਿਹਾ ਸੀ। ਹੁਣ ਹਾਲਤ ਥੋਡ਼੍ਹੀ ਸੁਧਰੀ ਹੈ, ਪਰ ਪੂਰੀ ਤਰ੍ਹਾਂ ਠੀਕ ਹਾਲੇ ਵੀ ਨਹੀਂ ਹੋ ਸਕੀ ਹੈ।

Posted By: Sandip Kaur