ਟੋਕੀਓ (ਰਾਇਟਰ) : ਅਮਰੀਕਾ ਨੇ ਜਾਪਾਨ ਨੂੰ ਭਰੋਸਾ ਦਿੱਤਾ ਹੈ ਕਿ ਉਹ ਪੂਰਬੀ ਚੀਨ ਸਾਗਰ 'ਚ ਸੇਨਕਾਕੂ ਦੀਪ ਦੀ ਚੀਨ ਤੋਂ ਸੁਰੱਖਿਆ ਕਰਨ 'ਚ ਪੂਰਾ ਸਹਿਯੋਗ ਕਰੇਗਾ। ਅਮਰੀਕਾ 'ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੀ ਵਾਰ ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਜਾਪਾਨ ਦੇ ਹਮ-ਅਹੁਦਾ ਨੋਬੀਓ ਕਿਸ਼ੀ ਨਾਲ ਟੈਲੀਫੋਨ 'ਤੇ ਗੱਲ ਕੀਤੀ ਤੇ ਸਮਝੌਤੇ ਤਹਿਤ ਸਹਿਯੋਗ ਕਰਨ ਦਾ ਵਾਅਦਾ ਕੀਤਾ। ਜਾਪਾਨ ਤੇ ਅਮਰੀਕਾ 'ਚ ਪਹਿਲਾਂ ਵੀ ਸੇਨਕਾਕੂ ਦੀਪ ਦੀ ਸੁਰੱਖਿਆ ਸਬੰਧੀ ਆਪਸੀ ਸਮਝੌਤਾ ਹੋਇਆ ਹੈ। ਸੇਨਕਾਕੂ ਦੀਪ ਨੂੰ ਚੀਨ ਡਿਆਓਯੂ ਨਾਮ ਤੋਂ ਆਪਣਾ ਦੀਪ ਹੋਣ ਦਾ ਅਧਿਕਾਰ ਪ੍ਰਗਟਾਉਂਦਾ ਰਿਹਾ ਹੈ। ਜਾਪਾਨ ਪੂਰਬੀ ਚੀਨ ਸਾਗਰ 'ਚ ਸੁਰੱਖਿਆ ਬਾਰੇ ਲਗਾਤਾਰ ਚਿੰਤਾ 'ਚ ਹੈ। ਇੱਥੋਂ ਦੇ ਜਲ ਖੇਤਰ 'ਚ ਆਏ ਦਿਨ ਚੀਨੀ ਫ਼ੌਜ ਵੱਲੋਂ ਘੁਸਪੈਠ ਕੀਤੀ ਜਾ ਰਹੀ ਹੈ।

ਰਾਸ਼ਟਰਪਤੀ ਜੋਅ ਬਾਇਡਨ ਸਰਕਾਰ ਦੇ ਸਹੁੰ ਚੁੱਕਣ ਤੋਂ ਬਾਅਦ ਅਮਰੀਕਾ ਤੇ ਜਾਪਾਨ ਵਿਚਾਲੇ ਇਹ ਪਹਿਲੀ ਅਧਿਕਾਰਤ ਵਾਰਤਾ ਹੈ। ਅਮਰੀਕਾ ਦੇ ਇਤਿਹਾਸ 'ਚ ਲਾਇਡ ਆਸਟਿਨ ਪਹਿਲੇ ਸਿਆਹਫਾਮ ਰੱਖਿਆ ਮੰਤਰੀ ਨਿਯੁਕਤ ਹੋਏ ਹਨ। ਇਸ ਤੋਂ ਪਹਿਲਾਂ ਉਹ ਅਮਰੀਕਾ ਫ਼ੌਜ ਦੇ ਜਨਰਲ ਵੀ ਰਹਿ ਚੁੱਕੇ ਹਨ। ਜਾਪਾਨ ਦੇ ਰੱਖਿਆ ਮੰਤਰਾਲੇ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਉਧਰ ਅਮਰੀਕਾ ਦੇ ਹਿੰਦ-ਪ੍ਰਸ਼ਾਂਤ ਕਮਾਂਡ ਨੇ ਕਿਹਾ ਕਿ ਅਮਰੀਕਾ ਦੀ ਜਲ ਸੈਨਾ ਦਾ ਦਲ ਦੱਖਣੀ ਚੀਨ ਸਾਗਰ 'ਚ ਪ੍ਰਵੇਸ਼ ਕਰ ਗਿਆ ਹੈ। ਇਹ ਉਸੇ ਦਿਨ ਹੋਇਆ, ਜਦੋਂ ਤਾਇਵਾਨ ਨੇ ਚੀਨ ਦੇ ਲੜਾਕੂ ਜਹਾਜ਼ਾਂ ਦੇ ਉਸ ਦੀ ਸਰਹੱਦ 'ਚ ਵੜਨ ਦੀ ਜਾਣਕਾਰੀ ਦਿੱਤੀ।