ਜੇਐੱਨਐੱਨ, ਗੁਰੂਗ੍ਰਾਮ : ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਵੀਰਵਾਰ ਨੂੰ ਮੇਦਾਂਤਾ ਹਸਪਤਾਲ ਵਿਚ ਦਾਖ਼ਲ 73 ਸਾਲਾ ਉਸਤਾਦ ਅਬਦੁੱਲ-ਰਬ-ਰਸੂਲ ਸੱਯਫ ਨੂੰ ਦੁਬਾਰਾ ਮਿਲਣ ਪੁੱਜੇ। ਇਸ ਤੋਂ ਪਹਿਲੇ ਉਹ 6 ਜੁਲਾਈ ਨੂੰ ਮੇਦਾਂਤਾ ਵਿਚ ਆਪਣੇ ਦੋਸਤ ਨੂੰ ਮਿਲਣ ਪੁੱਜੇ ਸਨ। ਉਸਤਾਦ ਅਬਦੁੱਲ-ਰਬ-ਰਸੂਲ ਸੱਯਫ ਅਫ਼ਗਾਨਿਸਤਾਨ ਦੇ ਵੱਡੇ ਆਗੂ ਹਨ ਅਤੇ 5 ਜੁਲਾਈ ਰਾਤ 11 ਵਜੇ ਮੇਦਾਂਤਾ ਵਿਚ ਦਾਖ਼ਲ ਕਰਾਇਆ ਗਿਆ ਸੀ। ਉਨ੍ਹਾਂ ਨੂੰ ਦਿਲ ਨਾਲ ਸਬੰਧਿਤ ਬਿਮਾਰੀ ਕਾਰਨ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਦਿਲ ਦੇ ਰੋਗਾਂ ਦੇ ਮਾਹਿਰ ਡਾ. ਆਰ ਆਰ ਕਾਸਲੀਵਾਲ ਦੀ ਦੇਖ-ਰੇਖ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਵੀਰਵਾਰ ਨੂੰ ਦੁਪਹਿਰ 2.25 ਵਜੇ ਸਾਬਕਾ ਰਾਸ਼ਟਰਪਤੀ ਮੇਦਾਂਤਾ ਹਸਪਤਾਲ ਵਿਚ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੇ ਮਰੀਜ਼ ਦੇ ਇਲਾਵਾ ਡਾਕਟਰਾਂ ਨਾਲ ਮੁਲਾਕਾਤ ਕਰ ਕੇ ਸੱਯਫ ਦਾ ਹਾਲਚਾਲ ਜਾਣਿਆ ਅਤੇ ਇਸ ਪਿੱਛੋਂ ਕਰੀਬ 3 ਵਜੇ ਵਾਪਸ ਦਿੱਲੀ ਲਈ ਰਵਾਨਾ ਹੋ ਗਏ।