ਬਗ਼ਦਾਦ (ਏਐੱਨਆਈ) : ਇਰਾਕ ਦੀ ਰਾਜਧਾਨੀ ਬਗ਼ਦਾਦ ਵਿਚ ਇਕ ਰੈਲੀ ਵਿਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ 'ਤੇ ਕੁਝ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਇਸ ਵਿਚ 16 ਲੋਕਾਂ ਦੀ ਮੌਤ ਹੋ ਗਈ ਅਤੇ 47 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਬਗ਼ਦਾਦ ਸਮੇਤ ਲਗਪਗ ਪੂਰਾ ਇਰਾਕ ਪਿਛਲੇ ਦੋ ਮਹੀਨਿਆਂ ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਲਪੇਟ ਵਿਚ ਹੈ।

ਸੁਰੱਖਿਆ ਅਧਿਕਾਰੀਆਂ ਅਨੁਸਾਰ ਇਹ ਵਾਰਦਾਤ ਸ਼ੁੱਕਰਵਾਰ ਸ਼ਾਮ ਉਸ ਸਮੇਂ ਹੋਈ ਜਦੋਂ ਮੱਧ ਬਗ਼ਦਾਦ ਦੇ ਅਲ-ਖਲਾਨੀ ਚੌਕ ਇਲਾਕੇ ਵਿਚ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ। ਇਸ ਦੌਰਾਨ ਗ਼ੈਰ ਫ਼ੌਜੀ ਵਾਹਨਾਂ ਵਿਚ ਆਏ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਰਾਈਫਲਾਂ ਨਾਲ ਉਨ੍ਹਾਂ 'ਤੇ ਗੋਲ਼ੀਆਂ ਚਲਾਈਆਂ। ਇਸ ਕਾਰਨ ਪ੍ਰਦਰਸ਼ਨਕਾਰੀਆਂ ਵਿਚ ਭਾਜੜ ਮੱਚ ਗਈ ਅਤੇ ਉਹ ਜਾਨ ਬਚਾਉਣ ਲਈ ਨੇੜਲੀਆਂ ਇਮਾਰਤਾਂ ਅਤੇ ਮਸਜਿਦ ਵੱਲ ਭੱਜਣ ਲੱਗੇ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਸਰਕਾਰ ਵਿਰੋਧੀ ਪ੍ਰਦਰਸ਼ਨਾਂ 'ਚ 400 ਦੀ ਜਾ ਚੁੱਕੀ ਹੈ ਜਾਨ

ਸਰਕਾਰ ਵਿਚ ਪਸਰੇ ਭਿ੍ਸ਼ਟਾਚਾਰ ਅਤੇ ਬੇਰੁਜ਼ਗਾਰੀ ਖ਼ਿਲਾਫ਼ ਬਗ਼ਦਾਦ ਵਿਚ ਅਕਤੂਬਰ ਦੇ ਆਰੰਭ ਵਿਚ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਪੂਰੇ ਦੇਸ਼ ਵਿਚ ਫੈਲ ਚੁੱਕਾ ਹੈ। ਦੋ ਮਹੀਨੇ ਤੋਂ ਜਾਰੀ ਵਿਰੋਧ ਪ੍ਰਦਰਸ਼ਨਾਂ ਨੇ ਕਈ ਵਾਰ ਹਿੰਸਕ ਰੂਪ ਵੀ ਧਾਰਨ ਕਰ ਲਿਆ। ਸੁਰੱਖਿਆ ਬਲਾਂ ਨਾਲ ਹੋਈਆਂ ਝੜਪਾਂ ਵਿਚ 400 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ ਕਰੀਬ 15 ਹਜ਼ਾਰ ਜ਼ਖ਼ਮੀ ਹੋਏ। ਪ੍ਰਧਾਨ ਮੰਤਰੀ ਅਦੇਲ ਅਬਦੁੱਲ ਮੇਹਦੀ ਦੇ ਅਸਤੀਫ਼ੇ ਦੇ ਬਾਵਜੂਦ ਵਿਰੋਧ ਪ੍ਰਦਰਸ਼ਨ ਰੁਕ ਨਹੀਂ ਰਹੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਭਿ੍ਸ਼ਟ ਆਗੂਆਂ ਦੇ ਹਟਣ ਤਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।