ਕਾਬੁਲ, ਏਐੱਨਆਈ : ਗੂਗਲ ਨੇ ਤਾਲਿਬਾਨ ਦਾ ਵੱਡਾ ਝਟਕਾ ਦਿੱਤਾ ਹੈ। ਉਸ ਨੇ ਅਫ਼ਗਾਨਿਸਤਾਨ ਸਰਕਾਰ ਦੇ ਕੁਝ ਸਰਕਾਰੀ ਈ-ਮੇਲ ਖਾਤਿਆਂ ਨੂੰ ਆਰਜ਼ੀ ਰੂਪ 'ਚ ਬੰਦ ਕਰ ਦਿੱਤਾ ਹੈ। ਰਾਇਟਰ ਅਨੁਸਾਰ ਤਾਲਿਬਾਨ ਸਾਬਕਾ ਸਰਕਾਰ ਦੇ ਅਧਿਕਾਰੀਆਂ ਦੇ ਈ-ਮੇਲ ਅਕਾਊਂਟਸ ਤਕ ਪਹੁੰਚਣ ਦਾ ਯਤਨ ਕਰ ਰਿਹਾ ਹੈ।

ਗੂਗਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਈ-ਮੇਲ ਅਕਾਊਂਟਸ ਨੂੰ ਸੁਰੱਖਿਅਤ ਕਰਨ ਲਈ ਇਨ੍ਹਾਂ 'ਤੇ ਅਸਥਾਈ ਕਾਰਵਾਈ ਕਰ ਰਿਹਾ ਹੈ। ਕੰਪਨੀ ਨੇ ਕਿਹਾ ਹੈ ਕਿ ਉਸ ਨੇ ਖਾਤਿਆਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਦੀ ਅਪੀਲ ਨੂੰ ਸਵੀਕਾਰ ਨਹੀਂ ਕੀਤਾ ਹੈ। ਗੂਗਲ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ, 'ਮਾਹਿਰਾਂ ਦੀ ਸਲਾਹ 'ਤੇ ਅਸੀਂ ਅਫ਼ਗਾਨਿਸਤਾਨ ਦੀ ਸਥਿਤੀ ਦਾ ਲਗਾਤਾਰ ਮੁਲਾਂਕਣ ਕਰ ਰਹੇ ਹਾਂ। ਅਸੀਂ ਖਾਤਿਆਂ ਨੂੰ ਸੁਰੱਖਿਅਤ ਕਰਨ ਲਈ ਆਰਜ਼ੀ ਕਾਰਵਾਈ ਕਰ ਰਹੇ ਹਾਂ, ਕਿਉਂਕਿ ਲਗਾਤਾਰ ਅਫ਼ਗਾਨਿਸਤਾਨ ਤੋਂ ਨਵੀਂ ਜਾਣਕਾਰੀ ਸਾਹਮਣੇ ਆ ਰਹੇ ਹੈ।'

ਇਸ ਮਾਮਲੇ 'ਚ ਜਾਣਕਾਰ ਇਕ ਵਿਅਕਤੀ ਨੇ ਰਾਇਟਰ ਨੂੰ ਦੱਸਿਆ ਕਿ ਖਾਤਿਆਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਜਾਣਕਾਰੀ ਦਾ ਇਸਤੇਮਾਲ ਸਾਬਕਾ ਅਧਿਕਾਰੀਆਂ ਨੂੰ ਲੱਭਣ ਲਈ ਕੀਤਾ ਜਾ ਸਕਦਾ ਹੈ। ਰਾਇਟਰ ਅਨੁਸਾਰ, ਸਥਾਨਕ ਸਰਕਾਰਾਂ ਦੇ ਨਾਲ-ਨਾਲ ਲਗਪਗ ਦੋ ਦਰਜਨ ਅਧਿਕਾਰੀ ਜਿਨ੍ਹਾਂ ਵਿਚ ਕੁਝ ਵਿੱਤੀ, ਸਨਅਤ, ਉਦਯੋਗ, ਉੱਚ ਸਿੱਖਿਆ ਤੇ ਖਾਨ ਮੰਤਰਾਲਿਾਂ ਤੋਂ ਹਨ, ਉਹ ਅਧਿਕਾਰਤ ਸੰਚਾਰ ਲਈ ਗੂਗਲ ਦੀ ਵਰਤੋਂ ਕਰ ਰਹੇ ਹਨ।

ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕੰਟਰੋਲ ਤੋਂ ਬਾਅਦ ਤੋਂ ਹੀ ਦੇਸ਼ ਦੇ ਸਾਬਕਾ ਸਰਕਾਰੀ ਅਧਿਕਾਰੀਆਂ, ਵਰਕਰਾਂ ਤੇ ਕਮਜ਼ੋਰ ਸਮੂਹਾਂ ਨੂੰ ਜਾਨ ਜਾਣ ਦਾ ਡਰ ਸਤਾ ਰਿਹਾ ਹੈ। ਤਾਲਿਬਾਨ 1996 'ਚ ਸੱਤਾ 'ਤੇ ਕਬਜ਼ਾ ਕਰਨ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਉਦਾਰ ਅਕਸ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਪੱਛਮੀ ਫ਼ੌਜਾਂ, ਅਫ਼ਗਾਨ ਸਰਕਾਰ ਜਾਂ ਪੁਲਿਸ ਲਈ ਕੰਮ ਕਰਨ ਵਾਲਿਆਂ ਸਮੇਤ ਸਾਰਿਆਂ ਲਈ ਮਾਫ਼ੀ ਦਾ ਐਲਾਨ ਕੀਤਾ ਹੈ।

Posted By: Seema Anand