ਕੋਪਨਹੋਗੇਨ (ਏਐੱਫਪੀ) : ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਯੂਰਪੀ ਦਫ਼ਤਰ ਨੇ ਇਟਲੀ ਤੋਂ ਕੋਰੋਨਾ ਇਨਫੈਕਸ਼ਨ ਦੀ ਗਿ੍ਫ਼ਤ 'ਚ ਆਉਣ ਵਾਲਿਆਂ ਦੀ ਦਰ 'ਚ ਕਮੀ ਆਉਣ ਦੀ ਰਿਪੋਰਟ ਨੂੰ ਇਕ ਚੰਗਾ ਸੰਕੇਤ ਦੱਸਿਆ ਹੈ। ਹਾਲਾਂਕਿ ਉਸ ਨੇ ਇਹ ਵੀ ਕਿਹਾ ਕਿ ਇਹ ਕਹਿਣਾ ਹਾਲੇ ਜਲਦਬਾਜ਼ੀ ਹੋਵੇਗਾ ਕਿ ਸਭ ਤੋਂ ਬੁਰਾ ਦੌਰ ਲੰਘ ਗਿਆ ਹੈ ਕਿ ਨਹੀਂ।

ਇੱਥੇ ਇਕ ਕਾਨਫਰੰਸ 'ਚ ਯੂਰਪ ਦੇ ਸਥਾਨਕ ਨਿਰਦੇਸ਼ਕ ਹਾਂਸਕਲੂਗ ਨੇ ਕਿਹਾ ਕਿ ਹਾਲਾਤ ਹਾਲੇ ਬਹੁਤ ਗੰਭੀਰ ਹੈ ਪਰ ਜੋ ਸੰਕੇਤ ਮਿਲਣੇ ਸ਼ੁਰੂ ਹੋਏ ਹਨ ਉਹ ਉਤਸ਼ਾਹਜਨਕ ਹੈ। ਇਟਲੀ, ਜਿੱਥੇ ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਕੋਪ ਹੈ, ਉੱਥੇ ਨਵੇਂ ਮਾਮਲਿਆਂ ਦੀ ਦਰ 'ਚ ਗਿਰਾਵਟ ਦਰਜ ਕੀਤੀ ਗਈ ਹੈ। ਡਬਲਿਊਐੱਚਓ ਯੂਰਪ ਮੁਤਾਬਕ ਸਮੁੱਚੇ ਮਹਾਦੀਪ 'ਚ ਦੋ ਲੱਖ 20 ਹਜ਼ਾਰ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ 'ਚੋਂ ਹੁਣ ਤਕ 11,987 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂਕਿ ਦੁਨੀਆ ਭਰ 'ਚ ਚਾਰ ਲੱਖ ਤੋਂ ਜ਼ਿਆਦਾ ਲੋਕ ਇਸ ਤੋਂ ਪੀੜਤ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਇਨਫੈਕਸ਼ਨ ਦੇ ਹਰ 10 ਮਾਮਲਿਆਂ 'ਚ ਛੇ ਮਾਮਲੇ ਤੇ ਮੌਤਾਂ ਦੇ 10 ਮਾਮਲਿਆਂ 'ਚੋਂ 7 ਮਾਮਲੇ ਯੂਰਪ ਦੇ ਹਨ। ਯੂਰਪੀ 'ਚ ਲਗਾਤਾਰ ਫੈਲ ਰਹੇ ਇਸ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਆਪਣੀਆਂ ਸਰਹੱਦਾਂ ਸੀਲ ਕਰ ਕੇ ਲਾਕਡਾਊਨ ਕਰ ਦਿੱਤਾ ਹੈ।

ਕਲੂਗ ਨੇ ਕਿਹਾ ਕਿ ਅਸੀਂ ਜਲਦੀ ਹੀ ਇਸ ਗੱਲ ਦਾ ਪਤਾ ਲਾ ਲਵਾਂਗੇ ਕਿ ਵੱਖ-ਵੱਖ ਦੇਸ਼ਾਂ ਵੱਲੋਂ ਉਠਾਏ ਗਏ ਕਦਮਾਂ ਨਾਲ ਇਸ ਵਾਇਰਸ ਨੂੰ ਰੋਕਣ 'ਚ ਕਿੰਨੀ ਕਾਮਯਾਬੀ ਮਿਲੀ। ਉਨ੍ਹਾਂ ਸਰਕਾਰਾਂ ਤੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਸੱਚਾਈ ਤੋਂ ਵਾਕਿਫ ਰਹੋ ਕਿ ਇਸ ਮਹਾਮਾਰੀ ਦਾ ਅਸਰ ਲੰਬੇ ਸਮੇਂ ਤਕ ਰਹੇਗਾ। ਇਹ ਕੰਮ ਸਮੇਂ 'ਚ ਪੂਰੀ ਹੋਣ ਵਾਲੀ ਫਰਾਟਾ ਦੌੜ ਨਹੀਂ, ਮੈਰਾਥਨ ਹੈ। ਇਸ 'ਚ ਸਮਾਂ ਲੱਗੇਗਾ।