ਮਾਸਕੋ: ਗਲੋਬਲ ਵਾਰਮਿੰਗ ਕਾਰਨ ਰੂਸ ਦੇ ਪੂਰਬੀ-ਉੱਤਰ 'ਚ ਸਥਿਤ ਨੋਵਾਇਆ ਜੇਮਲਿਆ ਟਾਪੂ ਸਮੂਹ 'ਚ ਕਈ ਘਰਾਂ ਤੇ ਇਮਾਰਤਾਂ ਅੰਦਰ ਹਿੰਸਕ ਪੋਲਰ ਬੀਅਰ ਦਾਖ਼ਲ ਹੋ ਗਏ ਹਨ। ਇਸ ਕਾਰਨ ਉੱਥੋਂ ਦੇ ਨਿਵਾਸੀਆਂ 'ਚ ਡਰ ਦਾ ਮਾਹੌਲ ਹੈ। ਲੋਕਾਂ 'ਚ ਅਫਰਾ-ਤਫਰੀ ਮਚੀ ਹੋਈ ਹੈ ਜਿਸ ਨੂੰ ਦੇਖਦੇ ਹੋਏ ਇੱਥੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉੱਥੇ ਰਹਿਣ ਵਾਲੇ ਤਿੰਨ ਹਜ਼ਾਰ ਲੋਕਾਂ ਨੇ ਇਸ ਸਥਿਤੀ ਨਾਲ ਨਿਪਟਣ ਲਈ ਸਹਾਇਤਾ ਮੰਗੀ ਹੈ।

ਰੂਸੀ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਲਈ ਇਕ ਕਮਿਸ਼ਨ ਭੇਜਿਆ ਹੈ। ਹਾਲੇ ਤਕ ਉਨ੍ਹਾਂ ਨੂੰ ਭਾਲੂਆਂ ਨੂੰ ਮਾਰਨ ਦੀ ਹਿਦਾਇਤ ਨਹੀਂ ਕੀਤੀ ਗਈ ਹੈ ਪਰ ਜਾਂਚ ਮਗਰੋਂ ਜ਼ਰੂਰਤ ਪੈਣ 'ਤੇ ਉਨ੍ਹਾਂ ਨੂੰ ਮਾਰਨ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ। ਸਥਾਨਕ ਅਧਿਕਾਰੀ ਦਾ ਮੀਆਯੇਵ ਦਾ ਕਹਿਣਾ ਹੈ ਕਿ ਦਸੰਬਰ ਦੇ ਬਾਅਦ ਕਰੀਬ 52 ਪੋਲਰ ਬੀਅਰ ਟਾਪੂ ਸਮੂਹ ਦੇ ਪ੍ਰਮੁੱਖ ਰਿਹਾਇਸ਼ੀ ਇਲਾਕਿਆਂ 'ਚ ਆ ਚੁੱਕੇ ਹਨ ਜਿਨ੍ਹਾਂ ਵਿਚੋਂ ਕਈ ਹਿੰਸਕ ਪ੍ਰਵਿਰਤੀ ਦੇ ਸਨ। ਛੇ ਤੋਂ 10 ਬੀਅਰ ਹਰ ਵਕਤ ਉਸ ਇਲਾਕੇ 'ਚ ਘੁੰਮਦੇ ਰਹਿੰਦੇ ਹਨ। ਇਸ ਕਾਰ ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ।

ਦੱਸਣਯੋਗ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਆਰਕਟਿਕ ਦੀ ਬਰਫ਼ ਪਿਘਲਣ ਨਾਲ ਪੋਲਰ ਵੀਅਰ ਕਾਫ਼ੀ ਪ੍ਰਭਾਵਿਤ ਹਨ। ਰੂਸ 'ਚ ਉਨ੍ਹਾਂ ਨੂੰ ਸੰਕਟਗ੍ਰਸਤ ਦੀ ਸੂਚੀ 'ਚ ਰੱਖਿਆ ਗਿਆ ਹੈ। ਉਨ੍ਹਾਂ ਦਾ ਸ਼ਿਕਾਰ ਕਰਨ 'ਤੇ ਪਾਬੰਦੀ ਹੈ।

Posted By: Susheel Khanna