ਜਨੇਵਾ (ਏਜੰਸੀਆਂ) : ਦੁਨੀਆ ਭਰ ਦੇ ਦੇਸ਼ਾਂ 'ਚ ਲਗਾਤਾਰ ਸੱਤਵੇਂ ਹਫ਼ਤੇ ਵੀ ਕੋਰੋਨਾ ਦੇ ਮਾਮਲੇ ਪੂਰੀ ਰਫ਼ਤਾਰ ਨਾਲ ਵੱਧ ਰਹੇ ਹਨ। ਡਬਲਯੂਐੱਚਓ ਮੁਤਾਬਕ, ਪਿਛਲੇ ਹਫ਼ਤੇ 45 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਪੂਰੀ ਦੁਨੀਆ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 13 ਕਰੋੜ 80 ਲੱਖ ਹੋ ਗਈ ਹੈ। ਮਰਨ ਵਾਲਿਆਂ ਦਾ ਅੰਕੜਾ ਵੀ 30 ਲੱਖ ਤਕ ਪਹੁੰਚਣ ਵਾਲਾ ਹੈ।

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁਤਾਬਕ, ਲਗਾਤਾਰ ਚਾਰ ਹਫ਼ਤਿਆਂ ਤੋਂ ਮਰਨ ਵਾਲਿਆਂ ਦਾ ਅੰਕੜਾ ਵੀ ਵੱਧ ਰਿਹਾ ਹੈ। ਪਿਛਲੇ ਹਫ਼ਤੇ ਦੇ ਮੁਕਾਬਲੇ ਵਿਚ ਇਹ ਵਾਧਾ ਲਗਪਗ ਸੱਤ ਫ਼ੀਸਦੀ ਰਿਹਾ। ਭਾਰਤ ਵਿਚ ਇਨਫੈਕਸ਼ਨ ਤੇਜ਼ੀ ਨਾਲ ਵੱਧ ਰਿਹਾ ਹੈ। ਪਿਛਲੇ ਹਫ਼ਤੇ ਦੇ ਮੁਕਾਬਲੇ ਵਿਚ ਇੱਥੇ 70 ਫ਼ੀਸਦੀ ਨਵੇਂ ਮਾਮਲੇ ਵਧੇ ਹਨ। ਦੱਖਣੀ ਏਸ਼ੀਆ ਅਤੇ ਦੱਖਣੀ-ਪੂਰਬੀ ਦੇਸ਼ਾਂ ਵਿਚ ਕੋਰੋਨਾ ਮਹਾਮਾਰੀ ਤੇਜ਼ੀ ਨਾਲ ਵੱਧ ਰਹੀ ਹੈ।

ਯੂਰਪ ਦੇ ਸਾਰੇ ਦੇਸ਼ਾਂ ਵਿਚ ਕੋਰੋਨਾ ਦਾ ਕਹਿਰ ਹੈ। ਇੱਥੇ ਮਰਨ ਵਾਲਿਆਂ ਦਾ ਅੰਕੜਾ 10 ਲੱਖ ਤੋਂ ਪਾਰ ਹੋ ਗਿਆ ਹੈ। ਹੁਣ ਹਾਲਾਤ ਹੋਰ ਬਦਤਰ ਹੁੰਦੇ ਜਾ ਰਹੇ ਹਨ। ਹਰ ਹਫ਼ਤੇ 16 ਲੱਖ ਤੋਂ ਜ਼ਿਆਦਾ ਨਵੇਂ ਮਰੀਜ਼ ਮਿਲ ਰਹੇ ਹਨ। ਡਬਲਯੂਐੱਚਓ ਦੇ ਡਾ. ਹੇਂਸ ਕਲੂਜ ਨੇ ਇਸ ਨਾਲ ਇਕ ਚੰਗੀ ਖ਼ਬਰ ਵੀ ਦਿੱਤੀ ਕਿ ਕੁਝ ਦੇਸ਼ਾਂ ਵਿਚ ਮਹਾਮਾਰੀ ਵਿਚ ਕਮੀ ਆ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵੈਕਸੀਨ ਕਾਰਨ 80 ਸਾਲ ਤੋਂ ਉਪਰ ਦੀ ਉਮਰ ਦੇ ਲੋਕਾਂ ਵਿਚ ਇਨਫੈਕਸ਼ਨ ਦੇ ਮਾਮਲਿਆਂ ਵਿਚ 30 ਫ਼ੀਸਦੀ ਦੀ ਕਮੀ ਆਈ ਹੈ।

ਇੱਥੇ ਰਿਹਾ ਇਹ ਹਾਲ

ਜਰਮਨੀ : ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਇਕ ਦਿਨ ਵਿਚ 21 ਹਜ਼ਾਰ ਤੋਂ ਜ਼ਿਆਦਾ ਆ ਰਹੀ ਹੈ। ਹਸਪਤਾਲਾਂ ਦੇ ਆਈਸੀਯੂ ਵਿਚ ਤੇਜ਼ੀ ਨਾਲ ਮਰੀਜ਼ ਪਹੁੰਚ ਰਹੇ ਹਨ।

ਪੋਲੈਂਡ : ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਇੱਥੇ ਇਕ ਹਫ਼ਤੇ ਦਾ ਲਾਕਡਾਊਨ ਵਧਾ ਦਿੱਤਾ ਗਿਆ ਹੈ।

-ਕੰਬੋਡੀਆ : ਜਨਤਾ ਨੂੰ ਘਰ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇੱਥੇ ਦੋ ਹਫ਼ਤਿਆਂ ਦਾ ਲਾਕਡਾਊਨ ਵੀ ਲਗਾ ਦਿੱਤਾ ਗਿਆ ਹੈ।

ਬ੍ਰਾਜ਼ੀਲ : ਇੱਥੇ ਮਰਨ ਵਾਲਿਆਂ ਦਾ ਅੰਕੜਾ 36 ਲੱਖ ਤੋਂ ਉੱਪਰ ਪਹੁੰਚ ਗਿਆ ਹੈ। 24 ਘੰਟਿਆਂ ਵਿਚ 3400 ਲੋਕ ਮਾਰੇ ਗਏ ਹਨ। ਇੱਥੇ ਇਕ ਦਿਨ ਵਿਚ 73 ਹਜ਼ਾਰ ਤੋਂ ਜ਼ਿਆਦਾ ਕੇਸ ਮਿਲੇ ਹਨ।