ਬਰਲਿਨ (ਏਜੰਸੀਆਂ) : ਹਾਂਗਕਾਂਗ ਵੱਲੋਂ ਸੰਸਦੀ ਚੋਣ ਇਕ ਸਾਲ ਤਕ ਟਾਲੇ ਜਾਣ ਪਿੱਛੋਂ ਜਰਮਨੀ ਨੇ ਉਸ ਨਾਲ ਆਪਣੀ ਹਵਾਲਗੀ ਸੰਧੀ ਨੂੰ ਮੁਅੱਤਲ ਕਰ ਦਿੱਤਾ ਹੈ। ਉਧਰ, ਬਰਲਿਨ ਸਥਿਤ ਚੀਨ ਦੇ ਦੂਤਘਰ ਨੇ ਜਰਮਨੀ ਦੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਕੌਮਾਂਤਰੀ ਨਿਯਮਾਂ ਦਾ ਉਲੰਘਣ ਦੱਸਿਆ ਹੈ। ਨਾਲ ਹੀ ਇਸ ਨੂੰ ਘਰੇਲੂ ਮਾਮਲੇ 'ਚ ਦਖ਼ਲ ਕਿਹਾ ਹੈ। ਦੂਤਘਰ ਨੇ ਕਿਹਾ ਹੈ ਕਿ ਉਸ ਕੋਲ ਜਵਾਬੀ ਕਦਮ ਚੁੱਕਣ ਦਾ ਅਧਿਕਾਰ ਸੁਰੱਖਿਅਤ ਹੈ।

ਵਿਦੇਸ਼ ਮੰਤਰੀ ਹੀਕੋ ਮਾਸ ਨੇ ਕਿਹਾ ਕਿ ਹਾਂਗਕਾਂਗ ਸਰਕਾਰ ਨੇਂ 12 ਵਿਰੋਧੀ ਉਮੀਦਵਾਰਾਂ ਨੂੰ ਅਯੋਗ ਐਲਾਨ ਕੇ ਅਤੇ ਸੰਸਦੀ ਚੋਣ ਇਕ ਸਾਲ ਤਕ ਮੁਲਤਵੀ ਕਰ ਕੇ ਨਾਗਰਿਕ ਅਧਿਕਾਰਾਂ ਦਾ ਉਲੰਘਣ ਕੀਤਾ ਹੈ। ਨਵੇਂ ਸਥਾਪਿਤ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਚਾਰ ਲੋਕਤੰਤਰ ਸਮੱਰਥਕ ਅੰਦੋਲਨਕਾਰੀਆਂ ਨੂੰ ਹਿਰਾਸਤ 'ਚ ਲੈਣ ਵਾਲੇ ਫ਼ੈਸਲੇ ਤੋਂ ਜਰਮਨੀ ਬਹੁਤ ਚਿੰਤਤ ਹੈ। ਹਾਲ ਹੀ ਵਿਚ ਘਟੀਆਂ ਇਨ੍ਹਾਂ ਨਵੀਆਂ ਘਟਨਾਵਾਂ ਦੇ ਮੱਦੇਨਜ਼ਰ ਅਸੀਂ ਹਾਂਗਕਾਂਗ ਨਾਲ ਆਪਣੇ ਹਵਾਲਗੀ ਸਮਝੌਤੇ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਮਾਸ ਨੇ ਕਿਹਾ ਕਿ ਅਸੀਂ ਚੀਨ ਨਾਲ ਕੌਮਾਂਤਰੀ ਕਾਨੂੰਨ ਤਹਿਤ ਆਪਣੇ ਦਾਇਤਵ ਦਾ ਪਾਲਣ ਕਰਨ ਦੀ ਉਮੀਦ ਕਰਦੇ ਹਾਂ। ਇਸ ਵਿਚ ਹਾਂਗਕਾਂਗ ਦੇ ਬੁਨਿਆਦੀ ਕਾਨੂੰਨ ਤਹਿਤ ਲੋਕਾਂ ਨੂੰ ਅਧਿਕਾਰ ਅਤੇ ਆਜ਼ਾਦੀ ਦੇਣਾ ਸ਼ਾਮਲ ਹੈ। ਨਾਲ ਹੀ ਸੁਤੰਤਰ ਅਤੇ ਨਿਰਪੱਖ ਚੋਣ ਦਾ ਅਧਿਕਾਰ ਸ਼ਾਮਲ ਹੈ।