ਬੀਜਿੰਗ (ਰਾਇਟਰ) : ਚੀਨ ਦੇ ਸਭ ਤੋਂ ਵੱਡੇ ਸੂਬੇ ’ਚ ਸੁਰੱਖਿਆ ਅਧਿਕਾਰੀਆਂ ਨੇ ਪੱਤਰਕਾਰਾਂ, ਕੌਮਾਂਤਰੀ ਵਿਦਿਆਰਥੀਆਂ ਤੇ ਹੋਰ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਇਕ ਨਿਗਰਾਨੀ ਪ੍ਰਣਾਲੀ ਬਣਾਈ ਹੈ।

ਹੇਨਾਨ ਦੀ ਸੂਬਾ ਸਰਕਾਰ ਨੇ ਬੀਤੀ 29 ਜੁਲਾਈ ਨੂੰ ਇਕ ਟੈਂਡਰ ਜਾਰੀ ਕੀਤਾ ਸੀ ਜਿਸ ’ਚ ਮੀਡੀਆ ਨਾਲ ਜੁੜੇ ਲੋਕਾਂ ਦੇ ਸੂਬੇ ’ਚ ਆਉਣ ’ਤੇ ਉਨ੍ਹਾਂ ਦਾ ਵੇਰਵਾ ਇਕੱਠਾ ਕਰਨ ਦੀ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ। ਇਸ ਦੇ ਤਹਿਤ ਹੇਨਾਨ ਸੂਬੇ ’ਚ ਤਿੰਨ ਹਜ਼ਾਰ ਅਜਿਹੇ ਕੈਮਰੇ ਲਗਾਏ ਗਏ ਹਨ ਜਿਨ੍ਹਾਂ ਨਾਲ ਚਿਹਰੇ ਦੀ ਪਛਾਣ ਕੀਤੀ ਜਾ ਸਕੇ। ਇਨ੍ਹਾਂ ਕੈਮਰਿਆਂ ਨੂੰ ਕੌਮੀ ਤੇ ਖੇਤਰੀ ਡਾਟਾਬੇਸ ਨਾਲ ਜੋੜਿਆ ਗਿਆ ਹੈ। ਇਸ ਲਈ 17 ਸਤੰਬਰ ਨੂੰ ਇਕ ਚੀਨੀ ਤਕਨੀਕੀ ਕੰਪਨੀ ਨਿਓਸਾਫਟ ਨਾਲ 782000 ਡਾਲਰ ਦਾ ਕਰਾਰ ਕੀਤਾ ਗਿਆ ਸੀ। ਇਸ ਕੰਪਨੀ ਨੂੁੰ ਆਪਣਾ ਕੰਮ ਦੋ ਮਹੀਨੇ ’ਚ ਪੂਰਾ ਕਰਨਾ ਸੀ, ਜੋ ਹੁਣ ਖ਼ਤਮ ਹੋ ਚੁੱਕਾ ਹੈ।

ਦੱਸਿਆ ਜਾਂਦਾ ਹੈ ਕਿ ਚੀਨ ਦੁਨੀਆ ਦੀ ਅਤਿ-ਆਧੁਨਿਕ ਨਿਗਰਾਨੀ ਪ੍ਰਣਾਲੀ ਵਿਕਸਿਤ ਕਰਨਾ ਚਾਹੁੰਦਾ ਹੈ। ਜਨਤਕ ਥਾਵਾਂ ’ਤੇ ਲੱਖਾਂ ਕੈਮਰੇ ਲਗਾ ਕੇ ਸਮਾਰਟ ਫੋਨ ਤੇ ਚਿਹਰੇ ਦੀ ਪਛਾਣ ਜ਼ਰੀਏ ਲੋਕਾਂ ’ਤੇ ਨਜ਼ਰ ਰੱਖੀ ਜਾਵੇਗੀ। ਇਸ ਘਟਨਾਕ੍ਰਮ ’ਤੇ ਨਜ਼ਰ ਰੱਖਣ ਵਾਲੀ ਅਮਰੀਕੀ ਨਿਗਰਾਨੀ ਏਜੰਸੀ ਆਈਪੀਵੀਐੱਮ ਮੁਤਾਬਕ ਜਨਤਕ ਸੁਰੱਖਿਆ ਦੇ ਨਾਂ ’ਤੇ ਖਾਸ ਤੌਰ ’ਤੇ ਪੱਤਰਕਾਰਾਂ ਤੇ ਵਿਦੇਸ਼ ਤੋਂ ਪੜ੍ਹਨ ਆਏ ਵਿਦਿਆਰਥੀਆਂ ’ਤੇ ਨਜ਼ਰ ਰੱਖੀ ਜਾਵੇਗੀ।

Posted By: Susheel Khanna