ਪੈਰਿਸ (ਏਪੀ) : ਚੀਨ ਵੱਲੋਂ ਨਵਾਂ ਕੌਮੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੀ ਵਜ੍ਹਾ ਨਾਲ ਫਰਾਂਸ ਨੇ ਹਾਂਗਕਾਂਗ ਨੂੰ ਹਵਾਲਗੀ ਸਮਝੌਤੇ ਦੀ ਪ੍ਰਵਾਨਗੀ ਨਾ ਦੇਣ ਦਾ ਫ਼ੈਸਲਾ ਕੀਤਾ ਹੈ।

ਫਰਾਂਸ ਦੇ ਵਿਦੇਸ਼ ਮੰਤਰੀ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਤਾਜ਼ਾ ਘਟਨਾਕ੍ਰਮ ਦੇ ਮੱਦੇਨਜ਼ਰ ਫਰਾਂਸ 2017 'ਚ ਹਾਂਗਕਾਂਗ ਨਾਲ ਕੀਤੇ ਗਏ ਹਵਾਲਗੀ ਸਮਝੌਤੇ ਨੂੰ ਪ੍ਰਵਾਨਗੀ ਨਹੀਂ ਦੇਵੇਗਾ। ਪਿਛਲੇ ਮਹੀਨੇ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਬਰਤਾਨੀਆ ਤੇ ਅਮਰੀਕਾ ਵੀ ਹਾਂਗਕਾਂਗ ਨਾਲ ਆਪਣੇ ਹਵਾਲਗੀ ਕਰਾਰਾਂ ਨੂੰ ਟਾਲ਼ ਚੁੱਕੇ ਹਨ। ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਚੀਨ ਸਰਕਾਰ ਇਸ ਸ਼ਹਿਰ ਦੀ ਆਜ਼ਾਦੀ ਤੇ ਸਥਾਨਕ ਖ਼ੁਦਮੁਖਤਿਆਰੀ ਦੀ ਉਲੰਘਣਾ ਕਰ ਰਹੀ ਹੈ। ਜਰਮਨੀ ਨੇ ਵੀ ਪਿਛਲੇ ਹਫ਼ਤੇ ਅਜਿਹਾ ਹੀ ਫ਼ੈਸਲਾ ਲਿਆ ਸੀ।

ਇਸ ਵਿਚਾਲੇ, ਜਵਾਬੀ ਕਾਰਵਾਈ ਕਰਦਿਆਂ ਹਾਂਗਕਾਂਗ ਨੇ ਵੀ ਨਿਊਜ਼ੀਲੈਂਡ ਨਾਲ ਆਪਸੀ ਹਵਾਲਗੀ ਕਰਾਰ ਨੂੰ ਟਾਲ਼ ਦਿੱਤਾ ਹੈ। ਬੀਜਿੰਗ 'ਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਕਿਹਾ ਕਿ ਨਵੇਂ ਸੁਰੱਖਿਆ ਕਾਨੂੰਨ ਦੇ ਮੱਦੇਨਜ਼ਰ ਨਿਊਜ਼ੀਲੈਂਡ ਵੱਲੋਂ ਇਕਪਾਸੜ ਤਰੀਕੇ ਨਾਲ ਹਾਂਗਕਾਂਗ ਨਾਲ ਹਵਾਲਗੀ ਕਰਾਰ ਟਾਲ਼ਣਾ ਕਾਨੂੰਨੀ ਸਹਿਯੋਗ ਦਾ ਸਿਆਸੀਕਰਨ, ਚੀਨ ਦੇ ਘਰੇਲੂ ਮਾਮਲਿਆਂ 'ਚ ਦਖ਼ਲਅੰਦਾਜ਼ੀ ਤੇ ਕੌਮਾਂਤਰੀ ਕਾਨੂੰਨ ਤੇ ਸਬੰਧਾਂ ਦੇ ਬੁਨਿਆਦੀ ਮਾਪਦੰਡਾਂ ਦੀ ਉਲੰਘਣਾ ਹੈ। ਚੀਨ ਇਸ ਦਾ ਸਖ਼ਤ ਵਿਰੋਧ ਕਰਦਾ ਹੈ।