ਬਮਾਕੋ (ਏਜੰਸੀ) : ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਫ਼ੌਜ ਨੇ ਗ੍ਰੇਟਰ ਸਹਾਰਾ 'ਚ ਇਸਲਾਮਿਕ ਸਟੇਟ (ਆਈਐੱਸ) ਦੇ ਸਰਗਨਾ ਅਬੂ ਅਲ ਵਾਲਿਦ ਅਲ ਸਹਿਰਾਵੀ ਨੂੰ ਮਾਰ ਸੁੱਟਿਆ ਹੈ। ਉਨ੍ਹਾਂ ਕਿਹਾ ਕਿ ਸਾਲੇਹ ਖੇਤਰ 'ਚ ਅੱਠ ਸਾਲਾਂ ਦੇ ਲੰਬੇ ਸੰਘਰਸ਼ ਦੇ ਬਾਅਦ ਫਰਾਂਸ ਦੀ ਫ਼ੌਜ ਨੂੰ ਇਹ ਕਾਮਯਾਬੀ ਮਿਲੀ ਹੈ। ਮੈਕਰੋਂ ਨੇ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।

ਮਾਲੀ 'ਚ ਸਹਿਰਾਵੀ ਦੇ ਮਾਰੇ ਜਾਣ ਦੀ ਅਫ਼ਵਾਹ ਕੁਝ ਹਫ਼ਤਿਆਂ ਤੋਂ ਚੱਲ ਰਹੀ ਸੀ, ਪਰ ਕਿਸੇ ਵੀ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਜਾ ਰਹੀ ਸੀ। ਹੁਣ ਫਰਾਂਸ ਦੇ ਰਾਸ਼ਟਰਪਤੀ ਦੇ ਟਵੀਟ ਦੇ ਬਾਅਦ ਅਫ਼ਵਾਹਾਂ 'ਤੇ ਵਿਰਾਮ ਲੱਗ ਗਿਆ ਹੈ।

ਹਾਲੇ ਇਹ ਜਾਣਕਾਰੀ ਨਹੀਂ ਮਿਲੀ ਕਿ ਸਹਿਰਾਵੀ ਨੂੰ ਕਿੱਥੇ ੇਮਾਰਿਆ ਗਿਆ। ਇਸਲਾਮਿਕ ਸਟੇਟ ਦੇ ਅੱਤਵਾਦੀ ਮਾਲੀ ਤੇ ਨਾਈਜਰ ਦੇ ਸਰਹੱਦੀ ਇਲਾਕਿਆਂ 'ਚ ਲੰਬੇ ਸਮੇਂ ਤੋਂ ਹਮਲੇ ਕਰ ਰਹੇ ਹਨ।

ਫਰਾਂਸ ਦੀ ਫ਼ੌਜ ਸਾਹੇਲ ਖੇਤਰ 'ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨਾਲ ਲੜ ਰਹੀ ਹੈ। ਸਹਿਰਾਵੀ ਨੇ ਇਲਾਕੇ 'ਚ ਕਈ ਗੰਭੀਰ ਘਟਨਾਵਾਂ ਨੂੰ ਅੰਜਾਮ ਦਿੱਤਾ ਤੇ ਉਸਦੀ ਫਰਾਂਸ ਦੀ ਫ਼ੌਜ ਨੂੰ ਲੰਬੇ ਸਮੇਂ ਤੋਂ ਭਾਲ ਸੀ।

Posted By: Jatinder Singh