ਕੋਲੰਬੋ (ਪੀਟੀਆਈ) : ਸ੍ਰੀਲੰਕਾ ਦੇ ਗੱਦੀਓਂ ਲਾਹੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਉਨ੍ਹਾਂ ਦੀ ਪਾਰਟੀ ਦੇ ਇਕ ਸਾਬਕਾ ਸੰਸਦ ਮੈਂਬਰ ਨੂੰ ਰਾਸ਼ਟਰਪਤੀ ਰਹਿਣ ਦੇ ਦੌਰਾਨ ਮਾਫ਼ੀ ਦੇਣ ’ਤੇ ਨੋਟਿਸ ਜਾਰੀ ਕੀਤਾ ਹੈ। ਸਾਬਕਾ ਸੰਸਦ ਮੈਂਬਰ ਨੂੰ 2011 ਵਿਚ ਪਾਰਟੀ ਦੇ ਇਕ ਸਹਿਯੋਗੀ ਦੀ ਹੱਤਿਆ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਸ੍ਰੀਲੰਕਾ ਪੋਡੁਜਨਾ ਪੇਰਮੁਨਾ (ਐੱਸਐੱਲਪੀਪੀ) ਪਾਰਟੀ ਦੇ ਸਾਬਕਾ ਸੰਸਦ ਮੈਂਬਰ ਡੁਮਿੰਡਾ ਸਿਲਵਾ ਨੂੰ ਮਾਫ਼ ਕਰਨ ਵਾਲੇ ਰਾਜਪਕਸ਼ੇ ਨੂੰ ਇਸ ਸਾਲ ਜੁਲਾਈ ਵਿਚ ਕਾਰਜਕਾਲ ਛੱਡਣ ਤੋਂ ਬਾਅਦ ਦੂਜਾ ਸੰਮਨ ਜਾਰੀ ਕੀਤਾ ਗਿਆ ਹੈ। ਸਿਲਵਾ ਨੂੰ 2017 ਵਿਚ ਪਾਰਟੀ ਦੇ ਇਕ ਸਹਿਯੋਗੀ ਤੇ ਸਾਬਕਾ ਸੰਸਦ ਮੈਂਬਰ ਭਰਤ ਲਕਸ਼ਮਣ ਪ੍ਰੇਮਚੰਦਰ ਅਤੇ ਚਾਰ ਹੋਰਾਂ ਦੀ ਹੱਤਿਆ ਵਿਚ ਸ਼ਮੂਲੀਅਤ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਿਸ ਨੂੰ ਜੂਨ 2021 ਵਿਚ ਰਾਜਪਕਸ਼ੇ ਵੱਲੋਂ ਰਾਸ਼ਟਰਪਤੀ ਮਾਫ਼ੀ ਦਿੱਤੇ ਜਾਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ ਸਾਬਕਾ ਸੰਸਦ ਮੈਂਬਰ ਭਰਤ ਲਕਸ਼ਮਣ ਪ੍ਰੇਮਚੰਦਰ ਦੀ ਪਤਨੀ ਦੀ ਪਟੀਸ਼ਨ ’ਤੇ ਇਸ ਸਾਲ ਮਈ ਵਿਚ ਰਾਸ਼ਟਰਪਤੀ ਦੀ ਮਾਫ਼ੀ ਨੂੰ ਰੱਦ ਕਰਦੇ ਹੋਏ ਸਿਲਵਾ ਨੂੰ ਫਿਰ ਤੋਂ ਗਿ੍ਰਫ਼ਤਾਰ ਕਰਨ ਦਾ ਹੁਕਮ ਦਿੱਤਾ ਸੀ।

Posted By: Jaswinder Duhra