ਜੇਐੱਨਐੱਨ, ਨਵੀਂ ਦਿੱਲੀ : ਪੁਲਾੜ ਤੋਂ ਡਿੱਗੇ ਦੋ ਕਿੱਲੋਗ੍ਰਾਮ ਦੇ ਇਕ ਉਲਕਾ ਪਿੰਡ ਦੇ ਟੁਕੜੇ ਨੇ ਤਾਬੂਤ ਬਣਾਉਣ ਵਾਲੇ ਇਕ ਇੰਡੋਨੇਸ਼ਿਆਈ ਵਿਅਕਤੀ ਨੂੰ 14,000 ਅਮਰੀਕੀ ਡਾਲਰ ਦਿਵਾਏ ਹਨ। ਇਸ ਵਿਅਕਤੀ ਦਾ ਨਾਂ ਜੋਸ਼ੁਆ ਹੁਟਾਗਾਲੁਗ ਹੈ। ਜੋਸ਼ੂਆ ਪੇਸ਼ੇ ਵਜੋਂ ਇਕ ਕਾਰਪੈਂਟਰ ਹੈ ਜਿਹੜਾ ਤਾਬੂਤ ਬਣਾਉਣ ਦਾ ਕੰਮ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜੋਸ਼ੂਆ ਨੂੰ ਮਿਲੀ ਕੁੱਲ ਰਕਮ ਭਾਰਤੀ ਕਰੰਸੀ 'ਚ ਕਰੀਬ 10,38,120.5077 ਰੁਪਏ ਹੈ। ਵੈਸਟਰਨ ਮੀਡੀਆ ਦੀ ਰਿਪੋਰਟ ਮੁਤਾਬਿਕ ਇਸ ਪੈਸੇ ਦੇ ਮਿਲਣ ਤੋਂ ਬਾਅਦ ਜੋਸ਼ੂਆ ਰਾਤੋਂ-ਰਾਤ ਅਮੀਰ ਬਣ ਗਿਆ ਹੈ। ਹਾਲਾਂਕਿ ਇੰਡੋਨੇਸ਼ੀਆ ਦੇ ਅਖ਼ਬਾਰ ਜਕਾਰਤਾ ਪੋਸਟ ਨੇ ਜੋਸ਼ੂਆ ਦੇ ਹਵਾਲੇ ਤੋਂ ਅਜਿਹੀਆਂ ਖ਼ਬਰਾਂ ਨੂੰ ਝੂਠਾ ਦੱਸਿਆ ਹੈ। ਇਸ ਵਿਚ ਜੋਸ਼ੂਆ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਉਸ ਨੂੰ ਏਨੀ ਘੱਟ ਕੀਮਤ ਦੇ ਕੇ ਠੱਗ ਲਿਆ ਗਿਆ ਹੈ ਜਦਕਿ ਇਸ ਦੀ ਕੀਮਤ ਇਸ ਨਾਲੋਂ ਕਰੀਬ ਸੌ ਗੁਣਾ ਜ਼ਿਆਦਾ ਸੀ। ਇਸ ਵਿਚ ਉਨ੍ਹਾਂ ਦੱਸਿਆ ਹੈ ਕਿ ਇਸ ਪੈਸੇ ਨਾਲ ਉਹ ਇਕ ਚਰਚ ਬਣਾਉਣਗੇ ਤੇ ਬੇਸਹਾਰਾ ਬੱਚਿਆਂ ਦੀ ਮਦਦ ਕਰਨਗੇ। ਜੋਸ਼ੂਆ ਉਲਕਾ ਪਿੰਡ ਦਾ ਟੁਕੜਾ ਮਿਲਣ ਤੋਂ ਬਾਅਦ ਪੂਰੀ ਦੁਨੀਆ ਦੇ ਮੀਡੀਆ 'ਚ ਛਾਏ ਹੋਏ ਹਨ। ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ 19 ਨਵੰਬਰ ਨੂੰ ਦੁਬਈ ਦੇ ਅਸਮਾਨ 'ਚ ਇਸੇ ਤਰ੍ਹਾਂ ਦਾ ਉਲਕਾ ਪਿੰਡ ਅਸਮਾਨ 'ਚ ਦਿਖਾਈ ਦਿੱਤਾ ਸੀ।

ਇੰਝ ਮਿਲਿਆ ਉਲਕਾ ਪਿੰਡ

ਅਸਲ ਵਿਚ 1 ਅਗਸਤ ਨੂੰ ਜਦੋਂ ਉਹ ਕੋਲਾਂਗ ਜ਼ਿਲ੍ਹੇ ਦੇ ਸੈਂਟਰਲ ਤਾਪਾਨੌਲੀ ਸਥਿਤ ਆਪਣੇ ਘਰੋਂ ਕੰਮ ਕਰ ਰਹੇ ਸਨ ਉਦੋਂ ਹੀ ਦੁਪਹਿਰ ਵੇਲੇ ਇਕ ਪੱਥਰ ਉਨ੍ਹਾਂ ਦੀ ਛੱਤ ਤੋੜਦਾ ਹੋਇਆ ਵਿਹੜੇ 'ਚ ਜਾ ਡਿੱਗਿਆ। ਇਸ ਦੀ ਵਜ੍ਹਾ ਨਾਲ ਉਨ੍ਹਾਂ ਦੇ ਵਿਹੜੇ 'ਚ ਇਕ ਫੁੱਟ ਤੋਂ ਜ਼ਿਆਦਾ ਡੂੰਘਾ ਟੋਇਆ ਪੈ ਗਿਆ ਸੀ। ਜਦੋਂ ਉਨ੍ਹਾਂ ਬਾਹਰ ਕੱਢ ਕੇ ਦੇਖਿਆ ਤੇ ਇਸ ਨੂੰ ਛੂਹਿਆ ਤਾਂ ਇਹ ਟੁਕੜਾ ਕਾਫ਼ੀ ਗਰਮ ਸੀ। ਚੱਟਾਨ ਦੇ ਟੁੱਕੜੇ ਦਾ ਰੰਗ ਸਲੇਟੀ ਸੀ। ਸ਼ੁਰੂ 'ਚ ਇਸ ਘਟਨਾ ਤੋਂ ਜੋਸ਼ੂਆ ਹੈਰਾਨ ਸੀ। ਉਸ ਨੇ ਇਸ ਘਟਨਾ ਦਾ ਜ਼ਿਕਰ ਸੋਸ਼ਲ ਮੀਡੀਆ ਜ਼ਰੀਏ ਆਪਣੇ ਦੋਸਤ ਨਾਲ ਕੀਤਾ। ਦੋਸਤ ਨੇ ਉਸ ਨੂੰ ਇਸ ਨੂੰ ਵੇਚਣ ਦੀ ਸਲਾਹ ਦਿੱਤੀ। ਪਹਿਲਾਂ ਉਹ ਇਸ ਨੂੰ ਵੇਚਣ ਲਈ ਗੰਭੀਰ ਨਹੀਂ ਸੀ ਪਰ ਬਾਅਦ 'ਚ ਇਸ ਸਬੰਧੀ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕੀਤੀ। ਇਸੇ ਦੌਰਾਨ ਉਸ ਨੂੰ ਮੈਕਸੀਕੋ ਦੇ ਉਸ ਵਿਅਕਤੀ ਬਾਰੇ ਪਤਾ ਚੱਲਿਆ ਜਿਸ ਦੇ ਜੀਵਨ 'ਚ ਅਜਿਹੀ ਹੀ ਘਟਨਾ ਵਾਪਰੀ ਸੀ। ਜਿਉਂ-ਜਿਉਂ ਜੋਸ਼ੂਆ ਨੇ ਇਸ ਬਾਰੇ ਜਾਣਕਾਰੀ ਇਕੱਤਰ ਕੀਤੀ, ਪਤਾ ਚੱਲਿਆ ਕਿ ਉਸ ਦੇ ਵਿਹੜੇ 'ਚ ਡਿੱਗਿਆ ਹੋਇਆ ਪੱਥਰ ਅਸਲ ਵਿਚ ਲੱਖਾਂ ਕਿੱਲੋਮੀਟਰ ਦੂਰ ਪੁਲਾੜ ਤੋਂ ਆਇਆ ਇਕ ਉਲਕਾ ਪਿੰਡ ਹੈ। ਇਸ ਦਾ ਵਜ਼ਨ ਦੋ ਕਿੱਲੋਗ੍ਰਾਮ ਤੋਂ ਕੁਝ ਜ਼ਿਆਦਾ ਸੀ।

ਉਲਕਾ ਪਿੰਡ ਦਾ ਸੌਦਾ

ਇਸ ਤੋਂ ਬਾਅਦ ਉਸ ਨੇ ਉਲਕਾ ਪਿੰਡ ਦੀ ਫੋਟੋ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ। ਇਸ ਦਾ ਫਾਇਦਾ ਉਦੋਂ ਹੋਇਆ ਜਦੋਂ ਅਮਰੀਕਾ ਦੇ ਐਸਟਰਾਇਡ ਸਪੈਸ਼ਲਿਸਟ ਜੈਰੇਡ ਕਾਲਿੰਸ ਨੇ ਜੋਸ਼ੂਆ ਨਾਲ ਰਾਬਤਾ ਕਾਇਮ ਕੀਤਾ। ਦੋਵਾਂ ਵਿਚਕਾਰ ਗੱਲਬਾਤ ਹੋਣ ਤੋਂ ਬਾਅਦ ਕਾਲਿੰਸ ਇੰਡੋਨੇਸ਼ੀਆ ਗਏ। ਇਸ ਤੋਂ ਬਾਅਦ ਇਸ ਉਲਕਾ ਪਿੰਡ ਦੇ ਟੁਕੜੇ ਦੀ ਜਾਂਚ ਕੀਤੀ ਗਈ। ਜਾਂਚ ਵਿਚ ਪਾਇਆ ਗਿਆ ਕਿ ਇਹ ਚੱਟਾਨੀ ਟੁਕੜਾ ਕਾਫ਼ੀ ਦੁਰਲੱਭ ਕਿਸਮ ਦਾ ਸੀ। ਪੁਸ਼ਟੀ ਹੋਣ ਤੋਂ ਬਾਅਦ ਜੋਸ਼ੂਆ ਨੂੰ ਉਨ੍ਹਾਂ ਨੇ 14 ਹਜ਼ਾਰ ਅਮਰੀਕੀ ਡਾਲਰ ਦਾ ਆਫਰ ਦਿੱਤਾ, ਜਿਸ ਨੂੰ ਜੋਸ਼ੂਆ ਨੇ ਠੁਕਰਾ ਦਿੱਤਾ ਸੀ। ਬਾਅਦ ਵਿਚ ਕਾਲਿੰਸ ਨੇ ਉਨ੍ਹਾਂ ਦੇ ਘਰ ਦੀ ਛੱਤ ਠੀਕ ਕਰਵਾਉਣ ਲਈ ਵੀ ਪੈਸੇ ਦੇਣ ਦਾ ਲਾਲਚ ਦਿੱਤਾ, ਜਿਸ ਤੋਂ ਬਾਅਦ ਉਹ ਆਫਰ ਠੁਕਰਾ ਨਹੀਂ ਸਕਿਆ। ਕਾਲਿੰਸ ਨੇ ਜੋਸ਼ੂਆ ਨੂੰ ਕਿਹਾ ਕਿ ਉਹ ਇਨ੍ਹਾਂ ਨੂੰ ਏਨੇ ਪੈਸੇ ਦੇਣਗੇ ਜਿੰਨੇ ਉਹ 30 ਸਾਲਾਂ 'ਚ ਵੀ ਨਹੀਂ ਕਮਾ ਸਕੇਗਾ। ਕਾਲਿੰਸ ਮੁਤਾਬਿਕ ਜੋਸ਼ੂਆ ਨੇ ਇਸ ਦਾ ਮੋਲ-ਭਾਅ ਕਾਫ਼ੀ ਪ੍ਰੋਫੈਸ਼ਨਲ ਤਰੀਕੇ ਨਾਲ ਕੀਤਾ। ਅਮਰੀਕਾ ਵਾਪਸ ਆ ਕੇ ਕਾਲਿੰਸ ਨੇ ਇਸ ਨੂੰ ਅੱਗੇ ਇਕ ਕੁਲੈਕਟਰ ਨੂੰ ਵੇਚ ਦਿੱਤਾ। ਇਸ ਨੂੰ ਏਰੀਜ਼ੋਨਾ ਸਟੇਟ ਯੂਨੀਵਰਸਿਟੀ 'ਚ ਰੱਖਿਆ ਗਿਆ ਹੈ।

Posted By: Seema Anand