ਦੁਬਈ (ਰਾਇਟਰ) : ਈਰਾਨ ਦੇ ਮਹੱਤਵਪੂਰਨ ਨਤਾਂਜ ਪ੍ਰਮਾਣੂ ਪਲਾਂਟ 'ਚ ਵੀਰਵਾਰ ਨੂੰ ਅੱਗ ਲੱਗ ਗਈ। ਘਟਨਾ ਦੀ ਪੁਸ਼ਟੀ ਕਰਦਿਆਂ ਈਰਾਨੀ ਅਧਿਕਾਰੀਆਂ ਨੇ ਦੱਸਿਆ ਕਿ ਇਸ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪਲਾਂਟ ਪਹਿਲਾਂ ਦੀ ਤਰ੍ਹਾਂ ਚਾਲੂ ਹੈ। ਅੱਗ ਨਾਲ ਨੁਕਸਾਨੇ ਗਏ ਪ੍ਰਮਾਣੂ ਪਲਾਂਟ 'ਚੋਂ ਕਿਸੇ ਤਰ੍ਹਾਂ ਦੇ ਘਾਤਕ ਰੇਡੀਏਸ਼ਨ ਦੇ ਖ਼ਤਰੇ ਨੂੰ ਈਰਾਨ ਦੇ ਪ੍ਰਮਾਣੂ ਊਰਜਾ ਸੰਗਠਨ ਨੇ ਨਕਾਰ ਦਿੱਤਾ ਹੈ। ਸੰਗਠਨ ਦੇ ਬੁਲਾਰੇ ਬਹਿਰੂਜ ਕਮਾਲਵਾਂਦੀ ਨੇ ਸਰਕਾਰੀ ਨਿਊਜ਼ ਏਜੰਸੀ ਈਰਨਾ ਨੂੰ ਦੱਸਿਆ ਕਿ ਅੱਗ ਨਾਲ ਨੁਕਸਾਨੇ ਗਏ ਹਿੱਸੇ 'ਚ ਪਹਿਲਾਂ ਤੋਂ ਹੀ ਕੰਮ ਰੁਕਿਆ ਹੋਇਆ ਸੀ। ਨਤਾਂਜ ਸ਼ਹਿਰ ਦੇ ਗਵਰਨਰ ਰਮਾਜਾਨਲੀ ਫਿਰਦੌਸੀ ਨੇ ਕਿਹਾ ਕਿ ਅੱਗ 'ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਕ ਲੱਖ ਵਰਗ ਮੀਟਰ 'ਚ ਫੈਲਿਆ ਈਰਾਨ ਦਾ ਇਹ ਪ੍ਰਮਾਣੂ ਪਲਾਂਟ ਜ਼ਮੀਨ ਦੀ ਸਤ੍ਹਾ ਤੋਂ ਅੱਠ ਮੀਟਰ ਅੰਦਰ ਬਣਿਆ ਹੈ। ਖ਼ਤਰਨਾਕ ਰੇਡੀਓਥਰਮੀ ਪਦਾਰਥ ਯੂਰੇਨੀਅਮ ਦੀ ਦੁਰਵਰਤੋਂ ਦੇ ਦੋਸ਼ਾਂ 'ਚ ਿਘਰੇ ਈਰਾਨ ਨੇ ਪ੍ਰਮਾਣੂ ਪਲਾਂਟਾਂ ਦੀ ਨਿਗਰਾਨੀ ਸੰਯੁਕਤ ਰਾਸ਼ਟਰ (ਯੂਐੱਨ) ਦੀ ਸੰਸਥਾ ਕਰ ਰਹੀ ਹੈ। ਯੂਐੱਨ ਦੀ ਨਿਗਰਾਨੀ 'ਚ ਨਤਾਂਜ ਪਲਾਂਟ ਵੀ ਸ਼ਾਮਲ ਹੈ।