ਯੇਰੇਵਾਨ (ਅਰਮੇਨੀਆ) (ਏਪੀ) : ਅਰਮੇਨੀਆ ਅਤੇ ਅਜ਼ਰਬਾਈਜਾਨ ਵਿਚਕਾਰ ਐਤਵਾਰ ਨੂੰ ਵਿਵਾਦਤ ਖੇਤਰ ਨਾਗੋਰਨੋ-ਕਾਰਬਾਖ ਨੂੰ ਲੈ ਕੇ ਜੰਗ ਭੜਕ ਗਈ। ਇਸ ਵਿਚ ਦੋਵਾਂ ਪੱਖਾਂ ਦੇ ਕਈ ਫ਼ੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋਵਾਂ ਪਾਸਿਆਂ ਤੋਂ ਹਵਾਈ ਅਤੇ ਟੈਂਕਾਂ ਨਾਲ ਹਮਲੇ ਕੀਤੇ ਗਏ।

ਅਰਮੇਨੀਆ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਅਜ਼ਰਬਾਈਜਾਨ ਦੇ ਤਿੰਨ ਟੈਂਕਾਂ ਅਤੇ ਦੋ ਹੈਲੀਕਾਪਟਰਾਂ ਨੂੰ ਡੇਗ ਦਿੱਤਾ ਗਿਆ ਹੈ। ਹਾਲਾਂਕਿ ਅਜ਼ਰਬਾਈਜਾਨ ਦੇ ਰੱਖਿਆ ਮੰਤਰਾਲੇ ਨੇ ਇਸ ਦਾਅਵੇ ਨੂੰ ਖ਼ਾਰਜ ਕੀਤਾ ਹੈ। ਸਾਬਕਾ ਸੋਵੀਅਤ ਸੰਘ ਦੇ ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਨਾਗੋਰਨੋ-ਕਾਰਬਾਖ ਖੇਤਰ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਹੈ। ਅਜ਼ਰਬਾਈਜਾਨ ਇਸ ਖੇਤਰ ਨੂੰ ਆਪਣਾ ਖੇਤਰ ਮੰਨਦਾ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਇਸ ਨੂੰ ਇਸੇ ਦੇਸ਼ ਦਾ ਹਿੱਸਾ ਮੰਨਿਆ ਜਾਂਦਾ ਹੈ। ਹਾਲਾਂਕਿ 1994 ਦੀ ਲੜਾਈ ਪਿੱਛੋਂ ਇਹ ਖੇਤਰ ਅਜ਼ਰਬਾਈਜਾਨ ਦੇ ਕੰਟਰੋਲ ਵਿਚ ਨਹੀਂ ਹੈ। ਇਸ ਖੇਤਰ ਵਿਚ ਦੋਵਾਂ ਪੱਖਾਂ ਦੇ ਫ਼ੌਜੀਆਂ ਦੀ ਭਾਰੀ ਮੌਜੂਦਗੀ ਹੈ। ਕਰੀਬ 4,400 ਕਿਲੋਮੀਟਰ ਵਿਚ ਫੈਲਿਆ ਨਾਗੋਰਨੋ-ਕਾਰਬਾਖ ਦਾ ਜ਼ਿਆਦਾਤਰ ਹਿੱਸਾ ਪਹਾੜੀ ਹੈ। ਜੁਲਾਈ ਮਹੀਨੇ ਵਿਚ ਵੀ ਦੋਵਾਂ ਪੱਖਾਂ ਵਿਚ ਝੜਪ ਹੋਈ ਸੀ ਜਿਸ ਵਿਚ 16 ਲੋਕਾਂ ਦੀ ਜਾਨ ਗਈ ਸੀ।