ਕੀਵ (ਏਪੀ) : ਪੂਰਬੀ ਯੂਕਰੇਨ ਵਿਚ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਜ਼ੋਰਦਾਰ ਲੜਾਈ ਜਾਰੀ ਹੈ। ਰੂਸ ਨੇ ਇਸ ਵਿਚ ਬੜ੍ਹਤ ਦਾ ਦਾਅਵਾ ਕੀਤਾ ਹੈ। ਯੂਕਰੇਨੀ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਰੂਸ ਦੀ ਗੋਲ਼ਾਬਾਰੀ ਵਿਚ 24 ਘੰਟੇ ਦੇ ਅੰਦਰ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ।

ਖਾਰਕੀਵ ਦੇ ਰੀਜਨਲ ਗਵਰਨਰ ਓਲੇਹ ਸਿਨੀਯੇਹੁਬੋਵ ਨੇ ਕਿਹਾ ਕਿ ਰੂਸ ਦੀ ਗੋਲ਼ਾਬਾਰੀ ਵਿਚ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਯੂਕਰੇਨ ਨੇ ਇਸ ਨੂੰ ਮਨੁੱਖਤਾ ’ਤੇ ਹਮਲਾ ਦੱਸਦੇ ਹੋਏ ਕਿਹਾ ਹੈ ਕਿ ਰੂਸ ਆਪਣੇ ਲੋਕਾਂ ਦਾ ਜੀਵਨ ਲੈਣ ਤੋਂ ਵੀ ਝਿਜਕ ਨਹੀਂ ਰਿਹਾ। ਰਾਇਟਰ ਮੁਤਾਬਕ, ਡੋਨੈਸਕ ਪ੍ਰਾਂਤ ਦੇ ਰੂਸੀ ਕਬਜ਼ੇ ਵਾਲੇ ਖੇਤਰ ਦੇ ਪ੍ਰਸ਼ਾਸਕ ਡੈਨਿਸ ਪੁਸ਼ਿਲਿਨ ਨੇ ਦਾਅਵਾ ਕੀਤਾ ਹੈ ਕਿ ਵੁਹਲੇਰ ਵਿਚ ਰੂਸੀ ਫ਼ੌਜੀਆਂ ਨੇ ਇਕ ਮੁਕਾਮ ਹਾਸਲ ਕਰ ਲਿਆ ਹੈ। ਅਮਰੀਕਾ ਸਥਿਤ ਥਿੰਕ ਟੈਂਕ ਇੰਸਟੀਚਿਊਟ ਫਾਰ ਸਟੱਡੀ ਫਾਰ ਵਾਰ ਨੇ ਆਪਣੇ ਵਿਸ਼ਲੇਸ਼ਣ ਵਿਚ ਕਿਹਾ ਹੈ ਕਿ ਪੱਛਮੀ ਦੇਸ਼ਾਂ ਦੇ ਹਥਿਆਰ ਸਪਲਾਈ ਨਾਲ ਜਲਦੀ ਹੀ ਇਹ ਸੰਘਰਸ਼ ਵਿਆਪਕ ਆਕਾਰ ਲਵੇਗਾ। ਉੱਥੇ, ਕ੍ਰੈਮਲਿਨ ਦੇ ਬੁਲਾਰੇ ਦਿਮਿੱਤਰੀ ਪੇਸਕੋਵ ਨੇ ਜ਼ੋਰ ਦੇ ਕੇ ਕਿਹਾ ਕਿ ਪੱਛਮ ਵੱਲੋਂ ਯੂਕਰੇਨ ਨੂੰ ਹਥਿਆਰਾਂ ਦੀ ਮਦਦ ਰੂਸ ਨੂੰ ਰੋਕ ਨਹੀਂ ਸਕੇਗੀ।

ਉੱਧਰ, ਨਾਟੋ ਦੇ ਜਨਰਲ ਸਕੱਤਰ ਜੇਂਸ ਸਟੋਲਟੇਨਬਰਗ ਨੇ ਸੋਮਵਾਰ ਨੂੰ ਦੱਖਣੀ ਕੋਰੀਆ ਤੋਂ ਯੂਕਰੇਨ ਲਈ ਫ਼ੌਜੀ ਸਹਿਯੋਗ ਮੰਗਿਆ ਹੈ। ਉਨ੍ਹਾਂ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਕਈ ਦੇਸ਼ ਜੰਗ ਵਿਚ ਮਦਦ ਨਾ ਕਰਨ ਦੀ ਆਪਣੀ ਨੀਤੀ ਬਦਲਣ ਲਈ ਤਿਆਰ ਨਹੀਂ ਹਨ। ਜੇਂਸ ਆਪਣੀ ਯਾਤਰਾ ਦੌਰਾਨ ਪਹਿਲੇ ਪੜਾਅ ਸਿਓਲ ਵਿਚ ਸਨ, ਉਨ੍ਹਾਂ ਦਾ ਅਗਲਾ ਪੜਾਅ ਜਾਪਾਨ ਹੈ। ਇਸ ਦਾ ਉਦੇਸ਼ ਏਸ਼ੀਆ ਵਿਚ ਯੂਕਰੇਨ ਜੰਗ ਵਿਚ ਪੱਛਮੀ ਗਠਜੋੜ ਨੂੰ ਮਜ਼ਬੂਤ ਕਰਨਾ ਅਤੇ ਚੀਨ ਦੀ ਉਭਰਦੀ ਸ਼ਕਤੀ ਨੂੰ ਰੋਕਣਾ ਹੈ।

Posted By: Shubham Kumar