ਮੈਲਬੌਰਨ (ਏਜੰਸੀਆਂ) : ਫੇਸਬੁੱਕ ਨੇ ਆਸਟ੍ਰੇਲਿਆਈ ਪ੍ਰਕਾਸ਼ਕਾਂ ਅਤੇ ਯੂਜ਼ਰਸ ਦੀ ਆਪਣੇ ਪਲੇਟਫਾਰਮ ਦੇ ਨਾਲ ਹੀ ਇੰਸਟਾਗ੍ਰਾਮ 'ਤੇ ਖ਼ਬਰ ਸਾਂਝੀ ਕਰਨ 'ਤੇ ਰੋਕ ਲਗਾਉਣ ਦੀ ਧਮਕੀ ਦਿੱਤੀ ਹੈ। ਇਸ ਦਿੱਗਜ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਦਾ ਇਹ ਸਖ਼ਤ ਰੁਖ਼ ਆਸਟ੍ਰੇਲੀਆ ਦੇ ਉਸ ਕਦਮ 'ਤੇ ਆਇਆ ਹੈ ਜਿਸ ਵਿਚ ਇਹ ਦੇਸ਼ ਚਾਹੁੰਦਾ ਹੈ ਕਿ ਸੋਸ਼ਲ ਮੀਡੀਆ ਖ਼ਬਰ ਦੀ ਵਰਤੋਂ ਕਰਨ 'ਤੇ ਮੀਡੀਆ ਕੰਪਨੀਆਂ ਨੂੰ ਭੁਗਤਾਨ ਕਰੇ।

ਫੇਸਬੁੱਕ ਨੇ ਕਿਹਾ ਕਿ ਨਵੇਂ ਨਿਯਮ ਕਾਰਨ ਉਸ ਨੂੰ ਉਨ੍ਹਾਂ ਮੀਡੀਆ ਸੰਗਠਨਾਂ ਨੂੰ ਭੁਗਤਾਨ ਕਰਨ ਲਈ ਮਜਬੂਰ ਹੋਣਾ ਪਵੇਗਾ ਜੋ ਸਵੈ-ਇੱਛਾ ਨਾਲ ਉਸ ਦੇ ਪਲੇਟਫਾਰਮ 'ਤੇ ਆਪਣੀਆਂ ਖ਼ਬਰਾਂ ਨੂੰ ਸਾਂਝਾ ਕਰਦੀਆਂ ਹਨ। ਫੇਸਬੁੱਕ ਦੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਮਾਮਲਿਆਂ ਦੇ ਪ੍ਰਬੰਧਕੀ ਨਿਰਦੇਸ਼ਕ ਵਿਲ ਐਸਟਨ ਨੇ ਸੋਮਵਾਰ ਨੂੰ ਇਕ ਪੋਸਟ ਵਿਚ ਲਿਖਿਆ ਕਿ ਇਸ ਤਰੀਕੇ ਨਾਲ ਕਾਰੋਬਾਰ ਦਾ ਸੰਚਾਲਨ ਨਹੀਂ ਹੋ ਸਕਦਾ ਹੈ। ਸਰਕਾਰ ਨੇ ਆਸਟ੍ਰੇਲੀਆ ਕੰਪੀਟੀਸ਼ਨ ਅਤੇ ਉਪਭੋਗਤਾ ਕਮਿਸ਼ਨ ਨੂੰ ਇਹ ਆਦੇਸ਼ ਦਿੱਤਾ ਹੈ ਕਿ ਉਹ ਫੇਸਬੁੱਕ ਅਤੇ ਗੂਗਲ ਲਈ ਨਵਾਂ ਨਿਯਮ ਬਣਾਏ ਜਿਸ ਨਾਲ ਇਨ੍ਹਾਂ ਨੂੰ ਖ਼ਬਰ ਸਮੱਗਰੀ ਦੀ ਵਰਤੋਂ ਕਰਨ ਤੇ ਮੀਡੀਆ ਕੰਪਨੀਆਂ ਨੂੰ ਭੁਗਤਾਨ ਕਰਨ ਲਈ ਮਜਬੂਰ ਕੀਤਾ ਜਾ ਸਕੇ। ਇਸ ਕਦਮ ਦਾ ਗੂਗਲ ਨੇ ਵੀ ਵਿਰੋਧ ਕੀਤਾ ਹੈ। ਉਸ ਨੇ ਕਿਹਾ ਹੈ ਕਿ ਇਸ ਨਾਲ ਫ੍ਰੀ ਸਰਚ ਖ਼ਤਰੇ ਵਿਚ ਪੈ ਸਕਦੀ ਹੈ।

ਮਿਆਂਮਾਰ 'ਚ ਨਫ਼ਰਤੀ ਸੰਦੇਸ਼ਾਂ ਨੂੰ ਹਟਾਏਗਾ ਫੇਸਬੁੱਕ

ਫੇਸਬੁੱਕ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਮਿਆਂਮਾਰ ਦੀ ਆਮ ਚੋਣ ਦੇ ਮੱਦੇਨਜ਼ਰ ਆਪਣੇ ਪਲੇਟਫਾਰਮ ਤੋਂ ਅਜਿਹੇ ਨਫ਼ਰਤੀ ਸੰਦੇਸ਼ਾਂ ਅਤੇ ਸਮੱਗਰੀ ਨੂੰ ਹਟਾਉਣ ਦੀ ਤਿਆਰੀ ਕਰ ਰਿਹਾ ਹੈ ਜਿਨ੍ਹਾਂ ਨਾਲ ਹਿੰਸਾ ਭੜਕ ਸਕਦੀ ਹੈ। ਦੁਨੀਆ ਦੇ ਇਸ ਦਿੱਗਜ ਸੋਸ਼ਲ ਪਲੇਟਫਾਰਮ ਨੇ ਇਕ ਬਲਾਗ ਵਿਚ ਲਿਖਿਆ ਕਿ ਉਹ ਹੁਣ ਤੋਂ 22 ਨਵੰਬਰ ਤਕ ਗ਼ਲਤ ਸੂਚਨਾਵਾਂ ਅਤੇ ਅਫ਼ਵਾਹਾਂ ਨੂੰ ਵੀ ਹਟਾ ਦੇਵੇਗਾ ਜਿਨ੍ਹਾਂ ਨਾਲ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਸੱਟ ਪੁੱਜਣ ਦਾ ਅੰਦੇਸ਼ਾ ਮੰਨਿਆ ਜਾਵੇਗਾ। ਮਿਆਂਮਾਰ 'ਚ ਅੱਠ ਨਵੰਬਰ ਨੂੰ ਆਮ ਚੋਣ ਹੋਣੀ ਹੈ।

Posted By: Rajnish Kaur