ਬਰੱਸਲਜ਼ (ਏਐੱਫਪੀ) : ਯੂਰਪੀ ਸੰਘ (ਈਯੂ) ਦੀ ਪ੍ਰਧਾਨ ਉਰਸਲਾ ਵਾਨ ਡੇਰ ਲੀਯੇਨ ਅਤੇ ਯੂਰਪੀ ਪ੍ਰੀਸ਼ਦ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਸ਼ੁੱਕਰਵਾਰ ਨੂੰ ਬ੍ਰੈਗਜ਼ਿਟ ਸਮਝੌਤੇ 'ਤੇ ਦਸਤਖ਼ਤ ਕਰ ਦਿੱਤੇ। ਉਰਸਲਾ ਨੇ ਇਸ ਪਿੱਛੋਂ ਇਕ ਟਵੀਟ ਵਿਚ ਕਿਹਾ ਕਿ ਮਿਸ਼ੇਲ ਅਤੇ ਮੈਂ ਯੂਰਪੀ ਸੰਘ ਤੋਂ ਬਰਤਾਨੀਆ ਦੇ ਬਾਹਰ ਹੋਣ ਦੇ ਸਮਝੌਤੇ 'ਤੇ ਦਸਤਖ਼ਤ ਕਰ ਦਿੱਤੇ ਹਨ। ਇਸ ਨਾਲ ਯੂਰਪੀ ਸੰਸਦ ਵੱਲੋਂ ਸਮਝੌਤੇ ਨੂੰ ਮਨਜ਼ੂਰ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਜਦਕਿ ਮਿਸ਼ੇਲ ਨੇ ਟਵੀਟ ਕੀਤਾ ਕਿ ਹਾਲਾਤ ਵਿਚ ਜ਼ਰੂਰ ਪਰਿਵਰਤਨ ਹੋਣਗੇ ਪ੍ਰੰਤੂ ਸਾਡੀ ਮਿੱਤਰਤਾ ਬਣੀ ਰਹੇਗੀ। ਅਸੀਂ ਭਾਈਵਾਲੀ ਅਤੇ ਸਹਿਯੋਗ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਕਰਦੇ ਹਾਂ।

ਇਸ ਸਮਝੌਤੇ ਨੂੰ ਹੁਣ ਪ੍ਰਵਾਨਗੀ ਲਈ 29 ਜਨਵਰੀ ਨੂੰ ਯੂਰਪੀ ਸੰਸਦ ਦੇ ਸਾਹਮਣੇ ਰੱਖਿਆ ਜਾਏਗਾ। ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਦੇ ਡਿਪਲੋਮੈਟ ਇਸ ਦੇ ਅਗਲੇ ਦਿਨ ਸਮਝੌਤੇ ਨੂੰ ਲਿਖਤੀ ਮਨਜ਼ੂਰੀ ਦੇਣਗੇ। ਇਸ ਨਾਲ 31 ਜਨਵਰੀ ਦੀ ਅੱਧੀ ਰਾਤ ਤੋਂ ਬਰਤਾਨੀਆ ਦਾ ਯੂਰਪੀ ਸੰਘ ਤੋਂ ਅਲੱਗ ਹੋਣਾ ਨਿਸ਼ਚਿਤ ਹੋਵੇਗਾ। ਸੰਭਾਵਨਾ ਹੈ ਕਿ ਜਲਦੀ ਹੀ ਬਰਤਾਨੀਆ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੀ ਸਮਝੌਤੇ 'ਤੇ ਦਸਤਖ਼ਤ ਕਰ ਦੇਣਗੇ। ਉਨ੍ਹਾਂ ਹਾਲ ਹੀ ਵਿਚ ਕਿਹਾ ਸੀ ਕਿ ਦੇਸ਼ ਹੁਣ ਇਕ ਯੂਨਾਈਟਿਡ ਕਿੰਗਡਮ ਦੇ ਤੌਰ 'ਤੇ ਅੱਗੇ ਵਧੇਗਾ। ਇਕ ਸਮਾਂ ਅਜਿਹਾ ਲੱਗ ਰਿਹਾ ਸੀ ਕਿ ਬ੍ਰੈਗਜ਼ਿਟ ਸਮਝੌਤੇ ਨੂੰ ਅਸੀਂ ਕਦੇ ਵੀ ਅੰਜਾਮ ਤਕ ਨਹੀਂ ਪਹੁੰਚਾ ਸਕਾਂਗੇ ਪ੍ਰੰਤੂ ਅਸੀਂ ਇਸ ਨੂੰ ਪੂਰਾ ਕਰ ਲਿਆ ਹੈ।