ਇਸਲਾਮਾਬਾਦ (ਏਜੰਸੀਆਂ) : ਭਾਰਤ ਦੇ ਇਤਰਾਜ਼ਾਂ ਦੇ ਬਾਵਜੂਦ ਤੁਰਕੀ ਦੇ ਰਾਸ਼ਟਰਪਤੀ ਰੈਸੇਪ ਤੈਯਪ ਅਰਦੋਗਨ ਨੇ ਫਿਰ ਕਸ਼ਮੀਰ ਰਾਗ ਛੇੜਿਆ ਹੈ। ਪਾਕਿਸਤਾਨ ਦੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਰਿਕਾਰਡ ਚੌਥੀ ਵਾਰ ਸੰਬੋਧਨ ਕਰਦੇ ਹੋਏ ਅਰਦੋਗਨ ਨੇ ਕਿਹਾ, ਤੁਰਕੀ ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਦੇ ਰੁਖ਼ ਦਾ ਸਮਰਥਨ ਕਰਦਾ ਰਹੇਗਾ, ਕਿਉਂਕਿ ਇਹ ਦੋਵਾਂ ਲਈ ਅਹਿਮ ਹੈ। ਇਸ ਵਿਵਾਦ ਦਾ ਹੱਲ ਸੰਘਰਸ਼ ਜਾਂ ਤਸ਼ੱਦਦ ਨਾਲ ਨਹੀਂ ਬਲਕਿ ਨਿਆਂ ਅਤੇ ਨਿਰਪੱਖਤਾ ਨਾਲ ਕੱਢਿਆ ਜਾ ਸਕਦਾ ਹੈ।

ਬਿਨਾਂ ਨਾਂ ਲਏ ਧਾਰਾ 370 ਨੂੰ ਖ਼ਤਮ ਕਰਨ ਦਾ ਹਵਾਲਾ ਦਿੰਦੇ ਹੋਏ ਅਰਦੋਗਨ ਨੇ ਕਿਹਾ ਕਿ ਸਾਡੇ ਕਸ਼ਮੀਰੀ ਭਰਾਵਾਂ ਅਤੇ ਭੈਣਾਂ ਨੂੰ ਦਹਾਕਿਆਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਹਾਲ ਦੇ ਦਿਨਾਂ ਵਿਚ ਉਠਾਏ ਗਏ ਇਕਤਰਫ਼ਾ ਕਦਮਾਂ ਨਾਲ ਇਨ੍ਹਾਂ ਵਿਚ ਵਾਧਾ ਹੋਇਆ ਹੈ। ਕਸ਼ਮੀਰ ਦਾ ਮੁੱਦਾ ਸਾਡੇ ਲਈ ਵੀ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਪਾਕਿਸਤਾਨ ਲਈ। ਤੁਰਕੀ ਦੇ ਰਾਸ਼ਟਰਪਤੀ ਨੇ ਇਸ ਦੌਰਾਨ ਕਸ਼ਮੀਰੀਆਂ ਦੇ ਸੰਘਰਸ਼ ਦੀ ਤੁਲਨਾ ਤੁਰਕੀ ਵਿਚ ਲੜੀ ਗਈ ਗੈਲੀਪੋਲੀ ਦੀ ਜੰਗ ਨਾਲ ਕੀਤੀ। ਉਨ੍ਹਾਂ ਕਿਹਾ ਕਿ ਗੈਲੀਪੋਲੀ ਅਤੇ ਕਸ਼ਮੀਰ ਵਿਚਾਲੇ ਕੋਈ ਫ਼ਰਕ ਨਹੀਂ ਹੈ, ਇਸ ਲਈ ਤੁਰਕੀ ਕਸ਼ਮੀਰ ਦੇ ਮੁੱਦੇ ਨੂੰ ਹਮੇਸ਼ਾ ਉਠਾਉਂਦਾ ਰਹੇਗਾ।

ਕੀ ਸੀ ਗੈਲੀਪੋਲੀ ਦੀ ਜੰਗ

ਪਹਿਲੀ ਸੰਸਾਰ ਜੰਗ ਦੌਰਾਨ ਫਰਵਰੀ, 1915 ਤੋਂ ਜਨਵਰੀ, 1916 ਵਿਚਾਲੇ ਗੈਲੀਪੋਲੀ ਦੇ ਟਾਪੂ 'ਤੇ ਇਹ ਜੰਗ ਲੜੀ ਗਈ ਸੀ। ਕਈ ਮਹੀਨਿਆਂ ਦੀ ਲੜਾਈ ਤੋਂ ਬਾਅਦ ਬਰਤਾਨੀਆ, ਫਰਾਂਸ ਸਮੇਤ ਸਹਿਯੋਗੀ ਦੇਸ਼ਾਂ ਦੀਆਂ ਫ਼ੌਜਾਂ ਪਿੱਛੇ ਹਟ ਗਈਆਂ ਸਨ। ਗੈਲੀਪੋਲੀ ਦੀ ਲੜਾਈ ਤੁਰਕੀ ਦੇ ਓਟੋਮਨ ਸਾਮਰਾਜ ਲਈ ਵੱਡੀ ਜਿੱਤ ਸੀ। ਇਸ ਨੂੰ ਤੁਰਕੀ ਦੇ ਇਤਿਹਾਸ ਵਿਚ ਫ਼ੈਸਲਾਕੁਨ ਪਲ ਮੰਨਿਆ ਜਾਂਦਾ ਹੈ। ਇਸ ਲੜਾਈ ਵਿਚ ਦੋਵੇਂ ਧਿਰਾਂ ਦੇ ਦੋ ਲੱਖ ਤੋਂ ਜ਼ਿਆਦਾ ਫ਼ੌਜੀ ਮਾਰੇ ਗਏ ਸਨ।

ਪਾਕਿਸਤਾਨ ਨੂੰ ਐੱਫਏਟੀਐੱਫ ਦੀ ਕਾਲੀ ਸੂਚੀ ਤੋਂ ਬਚਾਏਗਾ ਤੁਰਕੀ

ਅਰਦੋਗਨ ਨੇ ਐਲਾਨ ਕੀਤਾ ਕਿ ਤੁਰਕੀ ਵਿੱਤੀ ਕਾਰਵਾਈ ਕਾਰਜਬਲ (ਐੱਫਏਟੀਐੱਫ) ਦੀ ਬੈਠਕ ਦੌਰਾਨ ਅੱਤਵਾਦ ਦੀ ਫੰਡਿੰਗ ਦੇ ਮਾਮਲੇ ਵਿਚ ਪਾਕਿਸਤਾਨ ਨੂੰ ਕਾਲੀ ਸੂਚੀ ਵਿਚ ਪਾਉਣ ਦਾ ਵਿਰੋਧ ਕਰੇਗਾ। ਅਰਦੋਗਨ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਪਾਕਿਸਤਾਨ ਆਪਣੇ ਆਲੋਚਕਾਂ ਦੇ ਸਿਆਸੀ ਦਬਾਅ ਦਾ ਮੁਕਾਬਲਾ ਕਰ ਸਕੇਗਾ। ਮਨੀ ਲਾਂਡਰਿੰਗ ਮਾਮਲਿਆਂ ਨਾਲ ਨਜਿੱਠਣ ਵਾਲੇ ਐੱਫਏਟੀਐੱਫ ਨੇ ਪਿਛਲੇ ਸਾਲ ਦੇ ਅੰਤ ਵਿਚ ਇਸਲਾਮਾਬਾਦ ਨੂੰ ਕਿਹਾ ਸੀ ਕਿ ਜੇਕਰ ਉਹ ਅੱਤਵਾਦੀ ਫੰਡਿੰਗ 'ਤੇ ਲਗਾਮ ਨਹੀਂ ਲਗਾਉਂਦਾ ਹੈ ਤਾਂ ਉਸ ਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਜਾਵੇਗਾ। ਐੱਫਏਟੀਐੱਫ ਦੀ ਅਗਲੇ ਹਫ਼ਤੇ ਫਰਾਂਸ ਵਿਚ ਬੈਠਕ ਹੋਣੀ ਹੈ। ਤੁਰਕੀ, ਚੀਨ, ਮਲੇਸ਼ੀਆ ਅਤੇ ਸਾਊਦੀ ਅਰਬ ਵਰਗੇ ਲੰਬੇ ਸਮੇਂ ਤੋਂ ਉਸ ਦੇ ਸਹਿਯੋਗੀ ਦੇਸ਼ਾਂ ਦੇ ਰੁਖ਼ ਨੂੰ ਦੇਖ ਕੇ ਲੱਗਦਾ ਹੈ ਕਿ ਪਾਕਿਸਤਾਨ ਨੂੰ ਕਾਲੀ ਸੂਚੀ ਤੋਂ ਦੂਰ ਰਹਿਣ ਵਿਚ ਮਦਦ ਮਿਲ ਸਕਦੀ ਹੈ। ਕਿਸੇ ਵੀ ਦੇਸ਼ ਨੂੰ ਕਾਲੀ ਸੂਚੀ ਵਿਚ ਜਾਣ ਤੋਂ ਬਚਣ ਲਈ ਘੱਟੋ-ਘੱਟ ਤਿੰਨ ਵੋਟਾਂ ਦੀ ਲੋੜ ਹੁੰਦੀ ਹੈ।