ਕੋਲੰਬੋ (ਪੀਟੀਆਈ) : ਰਣਨੀਤਕ ਦਿ੍ਸ਼ਟੀ ਤੋਂ ਅਹਿਮ ਕੋਲੰਬੋ ਬੰਦਰਗਾਹ ਦੇ ਈਸਟਰਨ ਕੰਟੇਨਰ ਟਰਮਿਨਲ ਦੇ ਨਿੱਜੀਕਰਨ ਨੂੰ ਲੈ ਕੇ ਗੁੱਸੇ ਵਿਚ ਆਏ ਮੁਲਾਜ਼ਮਾਂ ਨੇ ਕੰਮ ਬੰਦ ਕਰ ਦਿੱਤਾ ਹੈ। ਉਹ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਤੋਂ ਲਿਖਤੀ ਭਰੋਸੇ ਦੀ ਮੰਗ ਕਰ ਰਹੇ ਸਨ ਕਿ ਉਹ ਭਾਰਤ ਦੇ ਹਵਾਲੇ ਕਰ ਕੇ ਇਸ ਦਾ ਨਿੱਜੀਕਰਨ ਨਹੀਂ ਕਰਨਗੇ। ਇਸ ਮੁੱਦੇ ਨੂੰ ਲੈ ਕੇ ਮੁਲਾਜ਼ਮਾਂ ਨੇ ਪਿਛਲੇ ਮਹੀਨੇ ਹੀ ਬੇਮਿਆਦੀ ਹੜਤਾਲ ਦੀ ਧਮਕੀ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀਲੰਕਾ ਨੂੰ ਡੀਪ-ਸੀ ਪੋਰਟ (ਸਮੁੰਦਰੀ ਬੰਦਰਗਾਹ) ਵਿਕਸਿਤ ਕਰਨ ਤੋਂ ਰੋਕਣ ਲਈ ਭਾਰਤ ਦਬਾਅ ਪਾ ਰਿਹਾ ਹੈ। ਟ੍ਰੇਡ ਯੂਨੀਅਨ ਨੇਤਾ ਪ੍ਰਸੰਨਾ ਕਾਲੂਥਰੰਗੇ ਨੇ ਕਿਹਾ ਕਿ ਅਸੀਂ ਪੂਰੀ ਬੰਦਰਗਾਹ 'ਤੇ ਕੰਮ ਠੱਪ ਕਰ ਦਿੱਤਾ ਹੈ। ਅਸੀਂ ਰਾਸ਼ਟਰਪਤੀ ਤੋਂ ਠੋਸ ਭਰੋਸਾ ਚਾਹੁੰਦੇ ਹਾਂ ਕਿ ਇਹ ਭਾਰਤ ਜਾਂ ਕਿਸੇ ਹੋਰ ਦੇ ਹਵਾਲੇ ਨਹੀਂ ਕੀਤੀ ਜਾਵੇਗਾ ਅਤੇ ਨਾ ਹੀ ਇਸ ਦਾ ਨਿੱਜੀਕਰਨ ਹੋਵੇਗਾ। ਜਦੋਂ ਤਕ ਰਾਸ਼ਟਰਪਤੀ ਉਨ੍ਹਾਂ ਨਾਲ ਨਹੀਂ ਮਿਲਦੇ ਅਤੇ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ, ਹੜਤਾਲ ਜਾਰੀ ਰਹੇਗੀ।