ਹਨੋਈ (ਰਾਇਟਰ) : ਵੀਅਤਨਾਮ ਦੀ ਇਕ ਅਦਾਲਤ ਨੇ ਦੇਸ਼ ਵਿਰੋਧੀ ਟਿੱਪਣੀਆਂ ਕਰਨ ਵਾਲੇ ਨੌਜਵਾਨ ਨੂੰ ਅੱਠ ਸਾਲ ਦੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਕ ਦਿਨ 'ਚ ਮਾਮਲੇ ਦਾ ਨਿਬੇੜਾ ਕਰਦਿਆਂ ਕੋਰਟ ਨੇ 29 ਸਾਲਾ ਨਿਗੂਯੇਨ ਕਵੋਕ ਡੁਕ ਵੋਂਗ ਨੂੰ ਦੋਸ਼ੀ ਕਰਾਰ ਦਿੱਤਾ। ਜੇਲ੍ਹ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਲੈਮ ਡੋਂਗ ਸੂਬੇ ਦੀ ਅਦਾਲਤ ਨੇ ਵੋਂਗ ਨੂੰ ਅਗਲੇ ਤਿੰਨ ਸਾਲ ਤਕ ਘਰ 'ਚ ਨਜ਼ਰਬੰਦ ਰੱਖਣ ਦਾ ਵੀ ਆਦੇਸ਼ ਦਿੱਤਾ ਹੈ।

ਵੋਂਗ 'ਤੇ ਦੋਸ਼ ਸੀ ਕਿ ਉਸ ਨੇ ਵੀਅਤਨਾਮ ਦੇ ਪਹਿਲੇ ਰਾਸ਼ਟਰਪਤੀ ਹੋ ਚੀ ਮਿਨਹ ਬਾਰੇ ਫੇਸਬੁੱਕ 'ਤੇ ਇਤਰਾਜ਼ਯੋਗ ਟਿੱਪਣੀਆਂ ਪੋਸਟ ਕੀਤੀਆਂ ਸਨ। ਉਸ ਨੇ ਮਿਨਹ ਬਾਰੇ ਘੰਟਿਆਬੱਧੀ ਭਰਮਾਊ ਵੀਡੀਓ ਵੀ ਲਾਈਵ ਕੀਤੀ ਸੀ। ਵੀਅਤਨਾਮ ਦੀ ਕਮਿਊਨਿਸਟ ਰਵਾਇਤ 'ਚ ਮਿਨਹ ਨੂੰ ਇਕ ਮਹਾਨ ਆਗੂ ਵਜੋਂ ਸਨਮਾਨ ਦਿੱਤਾ ਜਾਂਦਾ ਹੈ।

ਸਖ਼ਤ ਸਜ਼ਾ ਨੂੰ ਲੈ ਕੇ ਮਨੁੱਖੀ ਅਧਿਕਾਰੀ ਸੰਗਠਨਾਂ ਨੇ ਇਤਰਾਜ਼ ਪ੍ਰਗਟਾਇਆ ਹੈ। ਹਿਊਮਨ ਰਾਈਟਸ ਵਾਚ ਦੇ ਡਿਪਟੀ ਡਾਇਰੈਕਟਰ ਫਿਲ ਰਾਬਰਟਸਨ ਨੇ ਕਿਹਾ ਕਿ ਵੀਅਤਨਾਮ ਨੂੰ ਇਸ ਗੱਲ 'ਤੇ ਗੌਰ ਕਰਨਾ ਚਾਹੀਦਾ ਕਿ ਕਮਿਊਨਿਸਟ ਪਾਰਟੀ ਖ਼ਿਲਾਫ਼ ਕੀਤੀਆਂ ਗਈਆਂ ਸਿਆਸੀ ਟਿੱਪਣੀਆਂ ਨੂੰ ਅਪਰਾਧ ਦੀ ਸ਼੍ਰੇਣੀ 'ਚ ਰੱਖਣਾ ਸਹੀ ਨਹੀਂ ਹੈ।