ਕਾਬੁਲ, ਆਨਲਾਈਨ ਡੈਸਕ : ਸ਼ੁੱਕਰਵਾਰ ਨੂੰ ਅਫਗਾਨਿਸਤਾਨ ਅਤੇ ਭਾਰਤ ਦੇ ਮਨੀਪੁਰ ਸਮੇਤ ਵਿਸ਼ਵ ਦੇ ਕਈ ਹਿੱਸਿਆਂ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੀ ਧਰਤੀ ਇਕ ਵਾਰ ਫਿਰ ਭੂਚਾਲ ਦੇ ਝਟਕਿਆਂ ਨਾਲ ਹਿੱੱਲ ਗਈ। ਅਫਗਾਨਿਸਤਾਨ ਦੇ ਹਿੰਦੂ ਕੁਸ਼ ਖੇਤਰ ’ਚ ਸ਼ੁੱਕਰਵਾਰ ਸਵੇਰੇ ਕਰੀਬ 5:23 ਵਜੇ ਰਿਕਟਰ ਪੈਮਾਨੇ ’ਤੇ 4.3 ਤੀਬਰਤਾ ਦਾ ਭੂਚਾਲ ਆਇਆ। ਇਹ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐੱਨਸੀਐਸ) ਨੇ ਟਵੀਟ ਕਰ ਕੇ ਦਿੱਤੀ ਹੈ।

ਇਸ ਤੋਂ ਪਹਿਲਾਂ 5 ਸਤੰਬਰ ਨੂੰ ਅਫਗਾਨਿਸਤਾਨ ਦੇ ਕਈ ਸੂਬਿਆਂ ’ਚ ਰਿਕਟਰ ਪੈਮਾਨੇ ’ਤੇ 5.3 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ 9 ਜ਼ਖ਼ਮੀ ਹੋ ਗਏ ਸਨ। ਅਫਗਾਨਿਸਤਾਨ ਦੇ ਕੁਨਾਰ ਦੇ ਨੂਰਗੁਲ ਜ਼ਿਲ੍ਹੇ ’ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਸਨ।

ਮਨੀਪੁਰ ’ਚ ਭੂਚਾਲ ਦੇ ਝਟਕੇ

ਉੱਤਰ ਪੂਰਬੀ ਭਾਰਤ ਦੇ ਮਨੀਪੁਰ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ ਮਨੀਪੁਰ ਦੇ ਮੋਈਰਾਂਗ ਤੋਂ 100 ਕਿਲੋਮੀਟਰ ਦੂਰ 4.5 ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਦੇ ਝਟਕੇ ਸ਼ੁੱਕਰਵਾਰ ਸਵੇਰੇ ਕਰੀਬ 10:02 ਵਜੇ ਆਏ।

ਇੰਡੋਨੇਸ਼ੀਆ ਦੇ ਉੱਤਰੀ ਸੁਮਾਤਰਾ ’ਚ ਆਇਆ ਭੂਚਾਲ

ਇੰਡੋਨੇਸ਼ੀਆ ਦੇ ਉੱਤਰੀ ਸੁਮਾਤਰਾ ਸੂਬੇ ’ਚ ਸ਼ੁੱਕਰਵਾਰ ਨੂੰ 4.7 ਤੀਬਰਤਾ ਦਾ ਭੂਚਾਲ ਆਇਆ। ਨੈਸਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਿਕ ਇਹ ਭੂਚਾਲ ਸ਼ੁੱਕਰਵਾਰ ਸਵੇਰੇ ਆਇਆ ਹੈ। ਐੱਨਸੀਐੱਸ ਨੇ ਦੱਸਿਆ ਕਿ ਅਜੇ ਤਕ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਕ ਮਹੀਨਾ ਪਹਿਲਾਂ ਯਾਨੀ 23 ਅਗਸਤ ਨੂੰ ਇੰਡੋਨੇਸ਼ੀਆ ਦੇ ਪੱਛਮੀ ਸੂਬੇ ਬੇਂਗਕੁਲੂ ਵਿਚ 6.5 ਤੀਬਰਤਾ ਦਾ ਭੂਚਾਲ ਆਇਆ ਸੀ।

ਜਾਪਾਨ ’ਚ 4.5 ਤੀਬਰਤਾ ਦੇ ਭੂਚਾਲ ਨੇ ਇਮਾਰਤਾਂ ਨੂੰ ਹਿਲਾਇਆ

ਜਾਪਾਨ ਦੇ ਇਬਾਰਾਕੀ ਸੂਬੇ ਦੇ ਦੱਖਣੀ ਹਿੱਸੇ ’ਚ ਸ਼ੁੱਕਰਵਾਰ ਨੂੰ 4.5 ਦੀ ਤੀਬਰਤਾ ਵਾਲਾ ਭੂਚਾਲ ਆਇਆ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਨਾਲ ਇਮਾਰਤਾਂ ਹਿੱਲ ਗਈਆਂ। ਇਬਾਰਾਕੀ ਜਾਪਾਨ ਦੇ ਮੁੱਖ ਟਾਪੂ ਹੋਨਸ਼ੂ ਦੇ ਕਾਂਟੋ ਖੇਤਰ ਵਿਚ ਹੈ। ਇਸ ਵਿਚ ਜ਼ਿਆਦਾ ਤੋਂ ਜ਼ਿਆਦਾ ਟੋਕੀਓ ਖੇਤਰ ਸ਼ਾਮਿਲ ਹੈ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Posted By: Harjinder Sodhi