ਦੁਬਈ (ਏਐੱਨਆਈ) : ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੁਬਈ ਸ਼ਹਿਰ 'ਚ ਹੁਣ ਸਾਰੇ ਟੈਕਸੀ ਡਰਾਈਵਰ ਕੈਮਰੇ ਦੀ ਨਿਗਰਾਨੀ 'ਚ ਕੰਮ ਕਰਨਗੇ। ਇਸ ਲਈ ਸ਼ਹਿਰ 'ਚ ਚੱਲਣ ਵਾਲੇ ਸਾਰੇ 10,648 ਟੈਕਸੀ ਵਾਹਨਾਂ 'ਚ ਨਿਗਰਾਨੀ ਕੈਮਰਾ ਲਗਾ ਦਿੱਤਾ ਗਿਆ ਹੈ। ਇਨ੍ਹਾਂ ਗੱਡੀਆਂ 'ਚ ਇਕ ਖ਼ਾਸ ਤਰ੍ਹਾਂ ਦਾ ਆਟੋਮੈਟਿਕ ਸੈਂਸਰ ਫਿੱਟ ਕੀਤਾ ਗਿਆ ਹੈ, ਜਿਸ ਨਾਲ ਯਾਤਰੀ ਦੇ ਸਵਾਰ ਹੁੰਦੇ ਹੀ ਕੈਮਰਾ ਚਾਲੂ ਹੋ ਜਾਂਦਾ ਹੈ ਅਤੇ ਉੱਥੋਂ ਦੀਆਂ ਸਾਰੀਆਂ ਸਰਗਰਮੀਆਂ ਰਿਕਾਰਡ ਹੋਣ ਲੱਗਦੀਆਂ ਹਨ।

ਦੁਬਈ ਦੀ ਸੜਕ ਤੇ ਟਰਾਂਸਪੋਰਟ ਅਥਾਰਟੀ (ਆਰਟੀਏ) ਦੇ ਡਾਇਰੈਕਟਰ ਖਾਲਿਦ ਅਲ ਅਵਦੀ ਨੇ ਕਿਹਾ ਕਿ ਟੈਕਸੀ ਵਾਹਨਾਂ 'ਚ ਕੈਮਰੇ ਲੱਗਣ ਨਾਲ ਸਵਾਰੀਆਂ ਦੀ ਸੁਰੱਖਿਆ ਯਕੀਨੀ ਬਣੇਗੀ ਅਤੇ ਟੈਕਸੀ ਡਰਾਈਵਰ ਨੂੰ ਪੇਸ਼ੇਵਰ ਬਣਾਉਣ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਟੈਕਸੀ ਵਾਹਨਾਂ 'ਚ ਕੈਮਰੇ ਲਗਾਉਣ ਦਾ ਕੰਮ ਦੋ ਸਾਲ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਕਈ ਪੜਾਅ 'ਚ ਚੱਲਿਆ ਇਹ ਕੰਮ ਹੁਣ ਜਾ ਕੇ ਪੂਰਾ ਹੋ ਗਿਆ ਹੈ। ਇਸ ਨਾਲ ਦੁਬਈ ਸਰਕਾਰ ਦੇ ਸਮਾਰਟ ਸਿਟੀ ਅਭਿਆਨ ਨੂੰ ਵੀ ਮਜ਼ਬੂਤੀ ਮਿਲੀ ਹੈ।