ਦੁਬਈ, ਪੀਟੀਆਈ : ਦੁਬਈ ਨੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਤੋਂ ਆਉਣ ਵਾਲੇ ਆਪਣੇ ਵਸਨੀਕਾਂ ਲਈ ਯਾਤਰਾ ਪਾਬੰਦੀਆਂ 'ਚ ਢਿੱਲ ਦੇ ਦਿੱਤੀ ਹੈ। ਇਨ੍ਹਾਂ ਲੋਕਾਂ ਨੂੰ ਯੂਏਈ ਵੱਲੋਂ ਮਨਜ਼ੂਰਸ਼ੁਦਾ ਟੀਕੇ ਦੀਆਂ ਦੋਵੇਂ ਖੁਰਾਕ ਲੈਣੀਆਂ ਪੈਣਗੀਆਂ। ਗਲ਼ਫ਼ ਨਿਊਜ਼ ਮੁਤਾਬਕ ਦੁਬਈ 'ਚ ਸੰਕਟ ਅਤੇ ਆਫ਼ਤ ਪ੍ਰਬੰਧਨ ਦੀ ਸਰਬੋਤਮ ਕਮੇਟੀ ਨੇ ਦੱਖਣੀ ਅਫਰੀਕਾ, ਨਾਇਜੀਰੀਆ ਤੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੇ ਸਬੰਧ ਵਿਚ ਦੁਬਈ ਦੇ ਯਾਤਰਾ ਪ੍ਰੋਟੋਕਾਲ ਨੂੰ ਅਪਡੇਟ ਕਰਨ ਦਾ ਐਲਾਨ ਕੀਤਾ। ਭਾਰਤ ਤੋਂ ਦੁਬਈ ਆਉਣ ਵਾਲੇ ਅਜਿਹੇ ਯਾਤਰੀਆਂ ਨੂੰ ਸਿਰਫ਼ ਵੈਲਿਡ ਵੀਜ਼ਾ ਦੀ ਜ਼ਰੂਰਤ ਪਵੇਗੀ। ਰਿਪੋਰਟ ਮੁਤਾਬਕ, ਯੂਏਈ ਸਰਕਾਰ ਨੇ ਜਿਨ੍ਹਾਂ ਚਾਰ ਟੀਕਿਆਂ ਨੂੰ ਮਾਨਤਾ ਦਿੱਤੀ ਹੈ ਉਨ੍ਹਾਂ ਵਿਚ ਸਿਨੋਫਾਰਮਾ, ਫਾਈਜ਼ਰ-ਬਾਇਓਐੱਨਟੈੱਕ, ਸਪੁਤਨਿਕ-ਵੀ ਤੇ ਆਕਸਫੋਰਡ-ਐਸਟ੍ਰਾਜ਼ੈਨੇਕਾ ਦਾ ਟੀਕਾ ਸ਼ਾਮਲ ਹੈ।

23 ਜੂਨ ਤੋਂ ਲਾਗੂ ਹੋ ਰਿਹਾ ਨਿਯਮ

ਗਲਫ ਨਿਊਜ਼ ਨੇ ਦੱਸਿਆ ਕਿ ਦੁਬਈ 'ਚ ਸੰਕਟ ਤੇ ਆਫ਼ਤ ਪ੍ਰਬੰਧਨ ਦੀ ਸਰਬੋਤਮ ਕਮੇਟੀ, ਸ਼ੇਖ ਮਨਸੂਰ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਨੁਮਾਇੰਦਗੀ 'ਚ 23 ਜੂਨ ਤੋਂ ਦੱਖਣੀ ਅਫਰੀਕਾ, ਨਾਇਜੀਰੀਆ ਤੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਦੁਬਈ ਦੇ ਯਾਤਰਾ ਪ੍ਰੋਟੋਕਾਲ ਨੂੰ ਅਪਡੇਟ ਕਰਨ ਦਾ ਐਲਾਨ ਕੀਤਾ ਹੈ। ਭਾਰਤ ਤੋਂ ਦੁਬਈ ਆਉਣ ਵਾਲੇ ਯਾਤਰੀਆਂ ਨੂੰ ਸਿਰਫ਼ ਵੈਲਿਡ ਵੀਜ਼ੇ ਦੀ ਜ਼ਰੂਰਤ ਪਵੇਗੀ। ਹਾਲਾਂਕਿ, ਦੱਖਣੀ ਅਫਰੀਕਾ ਤੇ ਨਾਇਜੀਰੀਆ ਤੋਂ ਗ਼ੈਰ-ਪਰਵਾਸੀ ਯਾਤਰੀਆਂ ਨੂੰ ਵੀ ਟੀਕਾਕਰਨ ਤੇ ਪੀਸੀਆਰ ਟੈਸਟ ਦੀਆਂ ਸ਼ਰਤਾਂ ਅਧੀਨ ਯਾਤਰਾ ਦੀ ਇਜਾਜ਼ਤ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਯਾਤਰਾਂ ਤੋਂ 48 ਘੰਟੇ ਪਹਿਲਾਂ ਕੀਤੇ ਗਏ ਆਰਟੀ-ਪੀਸੀਆਰ ਟੈਸਟ 'ਚ ਨੈਗੇਟਿਵ ਰਿਪੋਰਟ ਦੀ ਵੀ ਜ਼ਰੂਰਤ ਪਵੇਗੀ।

ਹਾਲਾਂਕਿ ਯੂਏਈ ਦੇ ਨਾਗਰਿਕਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਸਿਰਫ਼ ਕਿਊਆਰ-ਕੋਡਿਡ ਨੈਗੇਟਿਵ ਆਰਟੀ-ਪੀਸੀਆਰ ਟੈਸਟ ਰਿਪੋਰਟ ਹੀ ਉਨ੍ਹਾਂ ਲਈ ਕਾਫੀ ਹੋਵੇਗੀ। ਇਸ ਤੋਂ ਇਲਾਵਾ ਭਾਰਤ ਤੋਂ ਯਾਤਰੀਆਂ ਨੂੰ ਦੁਬਈ ਜਾਣ ਤੋਂ ਚਾਰ ਘੰਟੇ ਪਹਿਲਾਂ ਇਕ ਰੈਪਿਡ ਪੀਸੀਆਰ ਟੈਸਟ 'ਚੋਂ ਗੁਜ਼ਰਨਾ ਪੈਂਦਾ ਹੈ। ਦੁਬਈ ਪਹੁੰਚਣ 'ਤੇ ਉਨ੍ਹਾਂ ਨੂੰ ਇਕ ਹੋਰ ਪੀਸੀਆਰ ਟੈਸਟ ਕਰਵਾਉਣਾ ਪਵੇਗਾ। ਇਸ ਤੋਂ ਇਲਾਵਾ ਦੁਬਈ ਪਹੁੰਚਣ ਤੋਂ ਬਾਅਦ ਭਾਰਤੀ ਯਾਤਰੀਆਂ ਨੂੰ ਉਦੋਂ ਤਕ ਕੁਆਰੰਟਾਈਨ ਰਹਿਣਾ ਪਵੇਗਾ ਜਦੋਂ ਤਕ ਕਿ ਉਨ੍ਹਾਂ ਦਾ ਆਰਟੀ-ਪੀਸੀਆਰ ਟੈਸਟ ਰਿਜ਼ਲਟ ਨਹੀਂ ਆ ਜਾਂਦਾ ਜੋ 24 ਘੰਟਿਆਂ ਦੇ ਅੰਦਰ ਆਉਣ ਦੀ ਉਮੀਦ ਹੈ। ਇਸ ਦੀ ਜਾਣਕਾਰੀ ਰਿਪੋਰਟ 'ਚ ਦਿੱਤੀ ਗਈ ਹੈ।

Posted By: Seema Anand