ਕਮਲਜੀਤ ਬੁੱਟਰ, ਕੈਲਗਰੀ : ਐਲਬਰਟਾ 'ਚ ਡਰਾਈਵਿੰਗ ਐਗਜ਼ਾਮੀਨਰਾਂ ਨੇ ਕੰਮ ਤੋਂ ਕਿਨਾਰਾ ਕਰਦਿਆਂ ਆਪਣੀਆਂ ਮੰਗਾਂ ਦੇ ਹੱਕ 'ਚ ਹੜਤਾਲ ਕਰ ਦਿੱਤੀ ਹੈ। ਇਸ ਹਫ਼ਤੇ ਹੁਣ ਬਹੁਤੀਆਂ ਥਾਵਾਂ 'ਤੇ ਡਰਾਈਵਿੰਗ ਟੈਸਟ ਨਹੀਂ ਹੋ ਸਕਣਗੇ। ਸਰਟੀਫਾਈਡ ਡਰਾਈਵਰ ਐਗਜ਼ਾਮੀਨਰਜ਼ ਐਸੋਸੀਏਸ਼ਨ ਦੇ ਐਗਜ਼ੈਕਟਿਵ ਡਾਇਰੈਕਟਰ ਪੀਟ ਉਐਲਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਯੂਨੀਅਨ ਦੇ 100 ਦੇ ਕਰੀਬ ਮੈਂਬਰਾਂ ਵਿਚੋਂ 80 ਫ਼ੀਸਦੀ ਹੜਤਾਲ 'ਤੇ ਚਲੇ ਗਏ ਹਨ। ਬਾਕੀ ਵੀ ਅੱਜ ਜਾਂ ਕੱਲ੍ਹ ਕੰਮ ਛੱਡ ਦੇਣਗੇ। ਐਲਬਰਟਾ ਟਰਾਂਸਪੋਰਟ ਦਾ ਕਹਿਣਾ ਹੈ ਕਿ ਕੁੱਲ 140 ਵਿਚੋਂ ਸਿਰਫ਼ 4 ਨੇ ਹੀ ਕੰਮ ਛੱਡਿਆ ਹੈ। ਮਨਿਸਟਰੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਲੋਕਾਂ ਨੂੰ ਖੱਜਲ ਨਹੀਂ ਹੋਣ ਦਿੱਤਾ ਜਾਵੇਗਾ। ਉਧਰ ਡਰਾਈਵਿੰਗ ਐਗਜ਼ਾਮੀਨਰ ਵੱਧ ਤਨਖ਼ਾਹਾਂ ਦੀ ਮੰਗ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਸਰਵਿਸ ਦੇ ਸਰਕਾਰੀਕਰਨ ਤੋਂ ਪਹਿਲਾਂ ਚੱਲ ਰਹੇ ਉਨ੍ਹਾਂ ਦੇ ਬਿਜ਼ਨਿਸ ਨੂੰ ਪਹੁੰਚੇ ਨੁਕਸਾਨ ਦੀ ਭਰਪਾਈ ਕਰਨ ਨੂੰ ਕਹਿ ਰਹੇ ਹਨ। ਇਨ੍ਹਾਂ ਡਰਾਈਵਿੰਗ ਐਗਜ਼ਾਮੀਨਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕਿਹਾ ਸੀ ਉਨ੍ਹਾਂ ਨੂੰ 70 ਤੋਂ 80 ਹਜ਼ਾਰ ਡਾਲਰ ਸਾਲਾਨਾ ਤਨਖ਼ਾਹ ਮਿਲੇਗੀ ਪਰ ਹੁਣ ਸਿਰਫ਼ 53 ਤੋਂ 67 ਹਜ਼ਾਰ ਡਾਲਰ ਦੇ ਦਰਮਿਆਨ ਦਿੱਤੇ ਜਾ ਰਹੇ ਹਨ।