ਨਈ ਦੁਨੀਆ, ਬੀਜਿੰਗ : ਚੀਨ 'ਚ ਇਕ ਵਿਅਕਤੀ ਨੇ ਡਰਾਈਵਿੰਗ ਟੈਸਟ ਪਾਸ ਕੀਤਾ ਤੇ ਲਾਇਸੈਂਸ ਮਿਲਣ ਦੇ ਮਹਿਜ਼ 10 ਮਿੰਟ ਬਾਅਦ ਹੀ ਉਹ ਆਪਣੀ ਕਾਰ ਲੈ ਕੇ ਨਦੀ 'ਚ ਡਿੱਗ ਗਿਆ। ਡਰਾਈਵਰ ਦੀ ਪਛਾਣ ਝਾਂਗ ਦੇ ਰੂਪ 'ਚ ਹੋਈ ਹੈ। ਹਾਦਸੇ ਦੀ ਪੂਰੀ ਘਟਨਾ ਉੱਥੇ ਲੱਗੇ ਸਿਕਊਰਿਟੀ ਕੈਮਰਿਆਂ 'ਚ ਕੈਦ ਹੋ ਗਈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਬਿਨਾਂ ਰੇਲਿੰਗ ਵਾਲੇ ਇਕ ਪੁਲ਼ ਤੋਂ ਲਂਘਣ ਦੌਰਾਨ ਝਾਂਗ ਆਪਣੀ ਕਾਰ ਸਮੇਤ ਨਦੀ 'ਚ ਡਿੱਗ ਗਿਆ। ਹਾਲਾਂਕਿ, ਇਸ ਹਾਦਸੇ 'ਚ ਝਾਂਗ ਦੀ ਜਾਨ ਬੱਚ ਗਈ ਹੈ। ਟ੍ਰੈਫਿਕ ਪੁਲਿਸ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੇਈਬੋ 'ਤੇ ਹਾਦਸੇ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਕਾਰ ਮਾਲਕ ਨੂੰ ਹਾਦਸੇ ਤੋਂ ਠੀਕ 10 ਮਿੰਟ ਪਹਿਲਾਂ ਡਰਾਈਵਿੰਗ ਲਾਇਸੈਂਸ ਮਿਲਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਉਹ ਕਥਿਤ ਤੌਰ 'ਤੇ ਵਧਾਈ ਸੰਦੇਸ਼ ਦਾ ਜਵਾਬ ਦੇਣ ਲਈ ਆਪਣੇ ਫੋਨ 'ਤੇ ਰੁੱਝਿਆ ਸੀ। ਉਸ ਨੂੰ ਹਾਦਸੇ ਤੋਂ ਪਹਿਲਾਂ ਡਰਾਈਵਿੰਗ ਲਾਇਸੈਂਸ ਮਿਲਣ 'ਤੇ ਇਕ ਸ਼ੁਭਚਿੰਤਕ ਨੇ ਵਧਾਈ ਵਾਲਾ ਮੈਸੇਜ ਭੇਜਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 21 ਫਰਵਰੀ ਨੂੰ ਚੀਨੀ ਸ਼ਹਿਰ ਜੂਨੀ 'ਚ ਹੋਈ ਸੀ ਪਰ ਇਸ ਦੀਆਂ ਤਸਵੀਰਾਂ ਤੇ ਵੀਡੀਓ ਚੀਨੀ ਸੋਸ਼ ਮੀਡੀਆ 'ਤੇ ਹੁਣ ਵਾਇਰਲ ਹੋ ਰਹੀਆਂ ਹਨ।

ਇਸ ਦੇ ਨਾਲ ਹੀ ਪੁਲਿਸ ਲੋਕਾਂ ਨੂੰ ਸੰਦੇਸ਼ ਦੇ ਰਹੀ ਹੈ ਕਿ ਡਰਾਈਵਿੰਗ ਕਰਦੇ ਸਮੇਂ ਫੋਨ ਦਾ ਇਸਤੇਮਾਲ ਨਾ ਕਰੋ। ਝਾਂਗ ਨੇ ਕਿਹਾ ਕਿ ਜਦੋਂ ਮੈਂ ਗੱਡੀ ਚਲਾ ਰਿਹਾ ਸੀ ਤਾਂ ਮੈਂ ਆਪਣਾ ਫੋਨ ਲਿਆ ਤੇ ਕੁਝ ਸੰਦੇਸ਼ ਪੜ੍ਹਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲ਼ 'ਤੇ ਦੋ ਲੋਕ ਮੇਰੇ ਸਾਹਮਣੇ ਆ ਗਏ। ਮੈਂ ਘਬਰਾ ਗਿਆ ਤੇ ਅਚਾਨਕ ਕਾਰ ਨੂੰ ਖੱਬੇ ਪਾਸੇ ਮੋੜ ਦਿੱਤਾ। ਮੈਂ ਨਵੀਂ ਨੰਬਰ ਪਲੇਟ ਲਗਵਾਈ ਸੀ ਤੇ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਮਹਿਜ਼ 10 ਮਿੰਟ ਤਕ ਹੀ ਕਾਰ ਚਲਾਈ ਹੋਵੇਗੀ।

ਚੰਗੀ ਗੱਲ ਇਹ ਰਹੀ ਕਿ ਝਾਂਗ ਕਾਰ ਦੇ ਦਰਵਾਜ਼ੇ ਖੋਲ੍ਹ ਕੇ ਭੱਜਣ 'ਚ ਸਫ਼ਲ ਰਹੇ। ਉਸ ਨੂੰ ਤੇ ਉਸ ਦੀ ਕਾਰ ਨੂੰ ਕ੍ਰੇਨ ਦੀ ਮਦਦ ਨਾਲ ਨਦੀ 'ਚੋਂ ਬਾਹਰ ਕੱਢਿਆ ਗਿਆ। ਹਾਦਸੇ 'ਚ ਉਨ੍ਹਾਂ ਨੂੰ ਉਨ੍ਹਾਂ ਦੇ ਮੋਢੇ 'ਚ ਡੂੰਘੀ ਸੱਟ ਲੱਗੀ ਹੈ। ਪੁਲਿਸ ਘਟਨਾ ਦੀ ਜਾਂਚ ਅੱਗੇ ਵਧਾ ਰਹੀ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਵਾਹਨ ਚਾਲਕ ਹਾਦਸਾਗ੍ਰਸਤ ਹੋ ਗਿਆ ਹੋਵੇ। ਸਾਲ 2017 'ਚ ਇਕ ਵਿਅਕਤੀ ਸਕੂਟਰ ਦੀ ਸਵਾਰੀ ਕਰਦੇ ਸਮੇਂ ਫੋਨ ਦਾ ਇਸਤੇਮਾਲ ਕਰ ਰਿਹਾ ਸੀ ਤੇ ਉਸ ਦੌਰਾਨ ਉਹ ਇਕ ਵੱਡੇ ਸਿੰਕਹੋਲ 'ਚ ਵੜ ਗਿਆ ਸੀ।

Posted By: Seema Anand