ਕਾਬੁਲ : ਅਫ਼ਗਾਨਿਸਤਾਨ 'ਚ ਜਾਰੀ ਸੰਘਰਸ਼ ਖ਼ਤਮ ਕਰਵਾਉਣ ਦੇ ਯਤਨ 'ਚ ਲੱਗੇ ਅਮਰੀਕਾ ਦੇ ਵਿਸ਼ੇਸ਼ ਦੂਤ ਜਾਲਮੇ ਖਲੀਲਜਾਦ ਦਾ ਇਕ ਟਵੀਟ ਤਾਲਿਬਾਨ ਨੂੰ ਨਾਗਵਾਰ ਗੁਜ਼ਰਿਆ ਹੈ। ਅੱਤਵਾਦੀ ਜਥੇਬੰਦੀ ਨੇ ਕਿਹਾ ਹੈ ਕਿ ਖਲੀਲਜਾਦ ਤਾਲਿਬਾਨ ਨੂੰ ਹਥਿਆਰ ਸੁੱਟਣ ਦੀ ਮੰਗ ਕਰਨਾ ਬੰਦ ਕਰ ਦੇਣ ਤੇ ਇਸ ਦੀ ਜਗ੍ਹਾ ਉਨ੍ਹਾਂ ਨੂੰ ਆਪਣੇ ਦੇਸ਼ ਨੂੰ ਬਲ ਵਰਤੋਂ ਬੰਦ ਕਰਨ ਲਈ ਸਮਝਾਉਣਾ ਚਾਹੀਦਾ ਹੈ।

ਅਫ਼ਗਾਨਿਸਤਾਨ 'ਚ ਜਨਮੇ ਅਮਰੀਕੀ ਦੂਤ ਖਲੀਲਜਾਦ ਇਸ ਸਮੇਂ ਤਾਲਿਬਾਨ ਨਾਲ ਕਤਰ ਦੀ ਰਾਜਧਾਨੀ ਦੋਹਾ 'ਚ ਛੇਵੇਂ ਦੌਰ ਦੀ ਵਾਰਤਾ ਕਰ ਰਹੇ ਹਨ। ਦੋਵਾਂ ਧਿਰਾਂ ਵਿਚਕਾਰ ਇਹ ਗੱਲਬਾਤ ਬੁੱਧਵਾਰ ਤੋਂ ਚੱਲ ਰਹੀ ਹੈ। ਉਨ੍ਹਾਂ ਇਕ ਟਵੀਟ 'ਚ ਕਿਹਾ, 'ਸਾਡੀ ਵਾਰਤਾ ਦੇ ਮੁੱਢਲੇ ਸੈਸ਼ਨ 'ਚ ਮੈਂ ਤਾਲਿਬਾਨ ਨੂੰ ਜ਼ੋਰ ਦੇ ਕੇ ਕਿਹਾ ਕਿ ਅਫ਼ਗਾਨ ਲੋਕ ਯਾਨੀ ਤੁਹਾਡੇ ਭਰਾ-ਭੈਣ ਇਸ ਸੰਘਰਸ਼ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਇਸੇ ਲਈ ਹਥਿਆਰ ਸੁੱਟਣ, ਹਿੰਸਾ ਰੋਕਣ ਤੇ ਸ਼ਾਂਤੀ ਦੀ ਰਾਹ 'ਤੇ ਚੱਲਣ ਦਾ ਸਮਾਂ ਹੈ।' ਇਸ ਦੇ ਜਵਾਬ 'ਚ ਤਾਲਿਬਾਨ ਦੇ ਤਰਜਮਾਨ ਜਬੀਹਉੱਲਾ ਮੁਜਾਹਿਦ ਨੇ ਕਈ ਤਿੱਖੇ ਟਵੀਟ ਕੀਤੇ। ਇਕ ਟਵੀਟ 'ਚ ਮੁਜਾਹਿਦ ਨੇ ਲਿਖਿਆ, 'ਉਨ੍ਹਾਂ ਨੂੰ ਹਥਿਆਰ ਸੁੱਟਣ ਦੇ ਵਿਚਾਰ ਨੂੰ ਭੁੱਲ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਦੀਆਂ ਕਲਪਨਾਵਾਂ ਦੀ ਜਗ੍ਹਾ ਉਨ੍ਹਾਂ ਨੂੰ ਅਮਰੀਕਾ ਨੂੰ ਬਲ ਵਰਤੋਂ ਬੰਦ ਕਰਨ ਲਈ ਸਮਝਾਉਣਾ ਚਾਹੀਦਾ ਹੈ।'

ਤਾਲਿਬਾਨ ਦਾ ਵਧਿਆ ਪ੍ਰਭਾਵ

2001 'ਚ ਅਫ਼ਗਾਨਿਸਤਾਨ ਦੀ ਸੱਤਾ ਤੋਂ ਬੇਦਖ਼ਲ ਹੋਣ ਮਗਰੋਂ ਹਾਲੀਆ ਦੇ ਦੌਰ 'ਚ ਤਾਲਿਬਾਨ ਦੇ ਹਮਲੇ ਵਧ ਗਏ ਹਨ। ਅਫ਼ਗਾਨਿਸਤਾਨ 'ਚ ਉਸ ਦੇ ਕਬਜ਼ੇ ਜਾਂ ਪ੍ਰਭਾਵ ਵਾਲੇ ਖੇਤਰਾਂ 'ਚ ਵੀ ਵਾਧਾ ਹੋਇਆ ਹੈ।

ਅਫ਼ਗਾਨਿਸਤਾਨ 'ਚ 14 ਹਜ਼ਾਰ ਅਮਰੀਕੀ ਸੈਨਿਕ ਤਾਇਨਾਤ

ਜੰਗ ਪੀੜਤ ਅਫ਼ਗਾਨਿਸਤਾਨ 'ਚ ਇਸ ਸਮੇਂ ਕਰੀਬ 14 ਹਜ਼ਾਰ ਅਮਰੀਕੀ ਸੈਨਿਕ ਤਾਇਨਾਤ ਹਨ। ਉਹ ਅਫ਼ਗਾਨ ਬਲਾਂ ਨੂੰ ਤਾਲਿਬਾਨ ਨਾਲ ਮੁਕਾਬਲੇ ਲਈ ਸਿਖਲਾਈ ਦੇ ਰਹੇ ਹਨ।