ਕਾਬੁਲ (ਆਈਏਐੱਨਐੱਸ) : ਅਫ਼ਗਾਨਿਸਤਾਨ ਦੀ ਰਾਸ਼ਟਰੀ ਸੁਲਾਹ ਪ੍ਰੀਸ਼ਦ ਦੇ ਪ੍ਰਧਾਨ ਅਬਦੁੱਲਾ ਅਬਦੁੱਲਾ ਦਾ ਕਹਿਣਾ ਹੈ ਕਿ ਦੋਹਾ ਵਿਚ ਸਰਕਾਰ ਅਤੇ ਤਾਲਿਬਾਨ ਵਿਚਕਾਰ ਵਾਰਤਾ ਆਸਾਨ ਨਹੀਂ ਹੋਵੇਗੀ। ਅਫ਼ਗਾਨ ਟੀਮ ਨੂੰ ਅਜਿਹੇ ਮਸਲਿਆਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਵਿਚ ਸਖ਼ਤ ਫ਼ੈਸਲੇ ਲੈਣ ਦੀ ਲੋੜ ਹੋਵੇਗੀ।

ਟੋਲੋ ਨਿਊਜ਼ ਨੇ ਅਬਦੁੱਲਾ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਇਹ ਗੱਲਬਾਤ ਬੇਹੱਦ ਆਸਾਨ ਹੋਵੇਗੀ। ਇਹ ਬੇਹੱਦ ਕਠਿਨ ਹੋਵੇਗੀ। ਸਾਨੂੰ ਅਜਿਹੇ ਮੁੱਦਿਆਂ ਦਾ ਸਾਹਮਣਾ ਕਰਨਾ ਹੋਵੇਗਾ ਜਿਸ ਤਹਿਤ ਸਖ਼ਤ ਫ਼ੈਸਲੇ ਲੈਣੇ ਹੋਣਗੇ। ਉਨ੍ਹਾਂ ਦੱਸਿਆ ਕਿ ਤਾਲਿਬਾਨ ਨਾਲ ਗੱਲਬਾਤ ਵਿਚ ਨਾਗਰਿਕ ਅਧਿਕਾਰਾਂ, ਮਹਿਲਾ ਅਧਿਕਾਰਾਂ, ਘੱਟ ਗਿਣਤੀਆਂ ਦੇ ਅਧਿਕਾਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਨਾਲ ਹੀ ਨਿਆਂ ਅਤੇ ਆਜ਼ਾਦੀ ਨੂੰ ਸੁਰੱਖਿਅਤ ਰੱਖਿਆ ਜਾਵੇਗਾ। ਇਨ੍ਹਾਂ ਨੂੰ ਕਈ ਕੁਰਬਾਨੀਆਂ ਰਾਹੀਂ ਹਾਸਲ ਕੀਤਾ ਗਿਆ ਹੈ। ਇਸ ਦੌਰਾਨ, ਕਾਰਜਕਾਰੀ ਵਿਦੇਸ਼ ਮੰਤਰੀ ਮੁਹੰਮਦ ਹਨੀਫ ਨੇ ਕਿਹਾ ਕਿ ਸਰਕਾਰ ਵਾਰਤਾ ਵਿਚ ਜੰਗਬੰਦੀ ਦੇ ਫ਼ੈਸਲੇ 'ਤੇ ਪਹੁੰਚਣ ਦਾ ਯਤਨ ਕਰੇਗੀ। ਇਹ ਸ਼ਾਂਤੀ ਪਾਉਣ ਦੀ ਦਿਸ਼ਾ ਵਿਚ ਬੁਨਿਆਦੀ ਕਦਮ ਹੈ। ਇਸ ਸਮੇਂ ਸ਼ਾਂਤੀ ਵਾਰਤਾ ਦੀ ਰੂਪਰੇਖਾ ਨੂੰ ਲੈ ਕੇ ਕਤਰ ਦੀ ਰਾਜਧਾਨੀ ਦੋਹਾ ਵਿਚ ਅਫ਼ਗਾਨ ਅਤੇ ਤਾਲਿਬਾਨ ਦੇ ਵਾਰਤਾਕਾਰਾਂ ਵਿਚਕਾਰ ਗੱਲਬਾਤ ਚੱਲ ਰਹੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਦੋਵਾਂ ਪੱਖਾਂ ਵਿਚ ਵਾਰਤਾ ਦੇ ਮੁੱਖ ਬਿੰਦੂਆਂ ਨੂੰ ਲੈ ਕੇ ਸਹਿਮਤੀ ਬਣ ਜਾਵੇਗੀ।