ਦੀਵਾਲੀ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ ਜਿਸ ਨੂੰ ਬਡ਼ੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੁਨੀਆ ਭਰ 'ਚ ਮੌਜੂਦ ਹਿੰਦੂ ਧਰਮ ਦੇ ਲੋਕ ਇਸ ਤਿਉਹਾਰ ਨੂੰ ਬਡ਼ੇ ਉਤਸ਼ਾਹ ਨਾਲ ਮਨਾਉਂਦੇ ਹਨ। ਘਰਾਂ ਦੀ ਸਾਫ਼-ਸਫ਼ਾਈ ਕਰ ਕੇ ਉਨ੍ਹਾਂ ਨੂੰ ਦੀਵਿਆਂ ਤੇ ਲਾਈਟਾਂ ਨਾਲ ਸਜਾਇਆ ਗਿਆ ਹੈ, ਇਸ ਤਿਉਹਾਰ ਵੇਲੇ ਜ਼ਬਰਦਸਤ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਮਾਂ ਲਕਸ਼ਮੀ ਜੀ ਤੇ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ।

ਦੀਵਾਲੀ ਹੁਣ ਲੋਕ ਅਲੱਗ-ਅਲੱਗ ਤਰੀਕੇ ਨਾਲ ਮਨਾਉਣ ਲੱਗੇ ਹਨ, ਪਰ ਨੇਪਾਲ ਦੀ ਦੀਵਾਲੀ ਬਾਰੇ ਸੁਣ ਕੇ ਤਾਂ ਤੁਸੀਂ ਹੈਰਾਨ ਹੋ ਹੀ ਜਾਓਗੇ। ਭਾਰਤ ਵਾਂਗ ਨੇਪਾਲ 'ਚ ਵੀ ਦੀਵਾਲੀ ਦਾ ਪੰਜ ਦਿਨਾ ਤਿਉਹਾਰ ਮਨਾਇਆ ਜਾਂਦਾ ਹੈ। ਉੱਥੇ ਦੀਵਾਲੀ ਨੂੰ ਤਿਹਾਰ ਕਿਹਾ ਜਾਂਦਾ ਹੈ। ਇਸ ਵਿਚ ਦੀਵਾਲੀ ਦੇ ਅਗਲੇ ਦਿਨ ਕੁੱਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਨੂੰ 'ਕੁਕੁਰ ਤਿਹਾਰ' ਕਿਹਾ ਜਾਂਦਾ ਹੈ।

ਕੁੱਤਿਆਂ ਲਈ ਬਣਾਏ ਜਾਂਦੇ ਹਨ ਖ਼ਾਸ ਪਕਵਾਨ

ਇਸ ਦਿਨ ਕੁੱਤਿਆਂ ਨੂੰ ਖਾਸ ਭੋਜਨ ਖੁਆਇਆ ਜਾਂਦਾ ਹੈ, ਉਨ੍ਹਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਦੁੱਧ ਤੇ ਅੰਡਿਆਂ ਤੋਂ ਇਲਾਵਾ ਦਹੀ ਦਾ ਸੇਵਨ ਕਰਵਾਇਆ ਜਾਂਦਾ ਹੈ। ਇਹ ਮਨੁੱਖ ਤੇ ਕੁੱਤਿਆਂ ਦੀ ਬੌਂਡਿੰਗ ਦੇ ਮੱਦੇਨਜ਼ਰ ਕੀਤਾ ਜਾਂਦਾ ਹੈ।

ਕੁੱਤਿਆਂ ਦੀ ਪੂਜਾ ਦੀ ਵਜ੍ਹਾ

ਕੁਕੁਰ ਤਿਹਾਰ ਦੇ ਦਿਨ ਕੁੱਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਇਹ ਗੱਲ ਦਿਮਾਗ਼ 'ਚ ਆਉਣੀ ਸੁਭਾਵਿਕ ਹੈ ਕਿ ਇਸ ਦੇ ਪਿੱਛੇ ਵਜ੍ਹਾ ਕੀ ਹੈ। ਕੁੱਤਿਆਂ ਨੂੰ ਮੌਤ ਦੇ ਦੇਵਤਾ ਯਮਰਾਜ ਦਾ ਸੰਦੇਸ਼ਵਾਹਕ ਮੰਨਿਆ ਜਾਂਦਾ ਹੈ। ਨੇਪਾਲ 'ਚ ਅਜਿਹੀ ਮਾਨਤਾ ਹੈ ਕਿ ਕੁੱਤੇ ਮਰਨ ਤੋਂ ਬਾਅਦ ਵੀ ਮਾਲਕ ਦੀ ਰਾਖੀ ਕਰਦੇ ਹਨ। ਇਸੇ ਕਾਰਨ ਨੇਪਾਲ 'ਚ ਦੀਵਾਲੀ ਦੇ ਅਗਲੇ ਦਿਨ ਕੁੱਤਿਆਂ ਦੀ ਪੂਜਾ ਕੀਤੀ ਜਾਂਦੀ ਹੈ।

ਦੀਵਾਲੀ ਵੇਲੇ ਜਾਨਵਰਾਂ ਦੀ ਪੂਜਾ

ਨੇਪਾਲ 'ਚ ਦੀਵਾਲੀ ਦੌਰਾਨ ਅਲੱਗ-ਅਲੱਗ ਜਾਨਵਰਾਂ ਦੀ ਪੂਜਾ ਕੀਤੀ ਜਾਂਦੀ ਹੈ। ਪਹਿਲੇ ਦਿਨ 'ਕਾਗ ਤਿਹਾਰ' 'ਚ ਕਾਵਾਂ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਘਰਾਂ ਸਾਹਮਣੇ ਮਠਿਆਈ ਰੱਖਦੇ ਹਨ ਤਾਂ ਜੋ ਕਾਂ ਉਸ ਨੂੰ ਖਾ ਕੇ ਖ਼ੁਸ਼ ਹੋ ਜਾਣ। ਦੂਸਰੇ ਦਿਨ ਕੁੱਤਿਆਂ ਦੀ ਤੇ ਤੀਸਰੇ ਦਿਨ ਗਾਂ ਦੀ ਪੂਜਾ ਕੀਤੀ ਜਾਂਦੀ ਹੈ। ਚੌਥੇ ਦਿਨ ਬੈਲ ਨੂੰ ਪੂਜਿਆ ਜਾਂਦਾ ਹੈ। ਆਖ਼ਿਰੀ ਦਿਨ ਭਾਰਤ ਦੀ ਹੀ ਤਰ੍ਹਾਂ ਨੇਪਾਲ 'ਚ ਵੀ ਭਾਈ ਦੂਜ ਮਨਾਈ ਜਾਂਦੀ ਹੈ।

Posted By: Seema Anand