ਢਾਕਾ (ਪੀਟੀਆਈ) : ਭਾਰਤ 'ਚ ਤਬਾਹੀ ਮਚਾਉਣ ਤੋਂ ਬਾਅਦ ਚੱਕਰਵਾਤੀ ਤੂਫ਼ਾਨ ਬੁਲਬੁਲ ਦਾ ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਕਹਿਰ ਜਾਰੀ ਹੈ। ਬੁਲਬੁਲ ਤੂਫ਼ਾਨ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਹਜ਼ਾਰਾਂ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਲੱਖਾਂ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਸ਼ਰਨਾਰਥੀ ਕੈਂਪਾਂ ਵਿਚ ਜਾਣਾ ਪਿਆ ਹੈ।

ਚੱਕਰਵਾਤ ਕਾਰਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਦੇਸ਼ ਦੇ ਦੱਖਣੀ ਪੱਛਮੀ ਤੱਟਵਰਤੀ ਜ਼ਿਲਿ੍ਹਆਂ ਵਿਚ ਕਰੀਬ ਪੰਜ ਹਜ਼ਾਰਾਂ ਘਰਾਂ ਨੂੰ ਨੁਕਸਾਨ ਪੁੱਜਾ ਹੈ। ਦੱਖਣੀ ਬੰਗਲਾਦੇਸ਼ ਦੇ ਬਰਗੁਨਾ, ਖੁਲ੍ਹਣਾ ਅਤੇ ਗੋਪਾਲਗੰਜ ਸਮੇਤ ਹੋਰ ਜ਼ਿਲਿ੍ਆਂ ਵਿਚ ਕਈ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ।

ਕਈ ਥਾਈਂ ਦਰੱਖਤਾਂ ਦੇ ਡਿੱਗਣ ਨਾਲ ਕਈ ਲੋਕਾਂ ਦੀ ਮੌਤ ਹੋਈ। ਆਫ਼ਤ ਮੈਨੇਜਮੈਂਟ ਰਾਜ ਮੰਤਰੀ ਇਨਾਮੁਰ ਰਹਿਮਾਨ ਮੁਤਾਬਕ, ਪੰਜ ਹਜ਼ਾਰ ਤੋਂ ਜ਼ਿਆਦਾ ਸ਼ਰਨਾਰਥੀ ਕੈਂਪ ਬਣਾਏ ਗਏ ਹਨ ਜਿਨ੍ਹਾਂ ਵਿਚ 21 ਲੱਖ ਲੋਕਾਂ ਨੂੰ ਸੁਰੱਖਿਅਤ ਪਹੁੰਚਾਇਆ ਗਿਆ ਹੈ। ਫ਼ਸਲਾਂ ਨੂੰ ਵੀ ਨੁਕਸਾਨ ਪੁੱਜਾ ਹੈ। ਸਰਕਾਰ ਨੇ 13 ਤੱਟੀ ਜ਼ਿਲਿ੍ਆਂ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਹਫ਼ਤਾਵਾਰੀ ਛੁੱਟੀਆਂ ਰੱਦ ਕਰ ਦਿੱਤੀਆਂ ਹਨ।

ਪ੍ਰਸ਼ਾਸਨ ਨੇ ਇਹਤਿਆਤ ਦੇ ਤੌਰ 'ਤੇ ਬੇੜੀਆਂ ਦੇ ਸਮੁੰਦਰ ਅਤੇ ਅੰਦਰੂਨੀ ਨਦੀ ਮਾਰਗਾਂ 'ਤੇ ਜਾਣ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਤੱਟੀ ਇਲਾਕਿਆਂ ਕੋਲ ਸਥਿਤ ਹਵਾਈ ਅੱਡਿਆਂ ਤੋਂ ਆਵਾਜਾਈ ਵੀ ਰੋਕ ਦਿੱਤੀ ਗਈ ਹੈ। ਚਟਗਾਓਂ ਸਮੇਤ ਹੋਰਨਾਂ ਬੰਦਰਗਾਹਾਂ 'ਤੇ ਹੋਣ ਵਾਲੀਆਂ ਸਾਰੀਆਂ ਸਰਗਰਮੀਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।