ਮਾਸਕੋ, ਏਜੰਸੀ : ਰੂਸ (Russia) ਨੇ ਦਾਅਵਾ ਕੀਤਾ ਹੈ ਕਿ ਉਸ ਦੀ ਕੋਰੋਨਾ ਵੈਕਸੀਨ ਸਪੂਤਨਿਕ-V (Saputnik-V Vaccine) 95 ਫ਼ੀਸਦੀ ਤੋਂ ਜ਼ਿਆਦਾ ਕਾਰਗਰ ਪਾਈ ਗਈ ਹੈ ਤੇ ਦੂਸਰਿਆਂ ਨਾਲੋਂ ਸਸਤੀ ਹੈ। ਕਲੀਨਿਕਲ ਡਾਟਾ ਦੇ ਦੂਸਰੇ ਅੰਤਰਿਮ ਵਿਸ਼ਲੇਸ਼ਣ ਦੇ ਆਧਾਰ 'ਤੇ ਵੈਕਸਿਨ ਵਿਕਸਤ ਕਰਨ ਵਾਲਿਆਂ ਨੇ ਇਹ ਦਾਅਵਾ ਕੀਤਾ ਹੈ। ਕੌਮਾਂਤਰੀ ਬਾਜ਼ਾਰ 'ਚ ਸਪੂਤਨਿਕ-V ਦੀਆਂ ਦੋ ਖ਼ੁਰਾਕਾਂ ਦੀ ਕੀਮਤ ਕਰੀਬ 20 ਡਾਲਰ (ਲਗਪਗ 1500 ਰੁਪਏ) ਹੋਵੇਗੀ ਤੇ ਰੂਸ ਦੇ ਲੋਕਾਂ ਲਈ ਇਹ ਮੁਫ਼ਤ ਦਿੱਤੀ ਜਾਵੇਗੀ। ਇਸ ਦੀ ਵੰਡ ਲਈ ਬੇਹੱਦ ਠੰਢੇ ਕੋਲਡ ਸਟੋਰੇਜ ਦੀ ਜ਼ਰੂਰਤ ਨਹੀਂ ਪਵੇਗੀ।

ਉੱਥੇ ਹੀ, ਅਮਰੀਕੀ ਕੰਪਨੀ ਫਾਈਜ਼ਰ ਦੀ ਵੈਕਸੀਨ ਦੀਆਂ ਦੋ ਖ਼ੁਰਾਕਾਂ ਦੀ ਕੀਮਤ ਲਗਪਗ 2500 ਰੁਪਏ ਹੋਵੇਗੀ। ਰੂਸ ਦੇ ਸਿਹਤ ਮੰਤਰਾਲੇ, ਸਰਕਾਰੀ ਗਮਾਲਿਆ ਰਿਸਰਚ ਸੈਂਟਰ ਤੇ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਦੂਸਰੇ ਅੰਤਰਿਮ ਵਿਸ਼ਲੇਸ਼ਣ ਤੋਂ ਇਹ ਪਤਾ ਚੱਲਦਾ ਹੈ ਕਿ ਪਹਿਲੀ ਖ਼ੁਰਾਕ ਦੇ 28 ਦਿਨਾਂ ਬਾਅਦ ਇਹ 91.4 ਫ਼ੀਸਦੀ ਅਸਰਦਾਰ ਰਹੀ ਤੇ 42 ਦਿਨਾਂ ਬਾਅਦ 95 ਫ਼ੀਸਦੀ। ਟਰਾਇਲ ਦੌਰਾਨ ਲਗਪਗ ਦੋ ਹਜ਼ਾਰ ਲੋਕਾਂ ਨੂੰ ਇਹ ਖ਼ੁਰਾਕ ਦਿੱਤੀ ਗਈ ਸੀ ਜਿਸ ਦੇ ਆਧਾਰ 'ਤੇ ਇਹ ਮੁਲਾਂਕਣ ਕੀਤਾ ਗਿਆ ਹੈ।

ਫਾਈਜ਼ਰ ਤੇ ਮੌਡਰਨਾ ਦੀ ਵੈਕਸੀਨ 95 ਫ਼ੀਸਦੀ ਤਕ ਕਾਰਗਰ

ਫਾਈਜ਼ਰ (PFizer) ਤੇ ਮੌਡਰਨਾ (Moderna) ਨੇ ਆਪੋ-ਆਪਣੀ ਵੈਕਸੀਨ ਦੇ 95 ਫ਼ੀਸਦੀ ਤਕ ਕਾਰਗਰ ਹੋਣ ਦਾ ਦਾਅਵਾ ਕੀਤਾ ਹੈ। ਆਰਡੀਆਈਐੱਫ ਦੇ ਸੀਈਓ ਕਿਰਿਲ ਦਿਮਿਤ੍ਰਿਵ ਨੇ ਕਿਹਾ ਕਿ ਦੂਸਰੀ ਵੈਕਸੀਨ ਦੇ ਮੁਕਾਬਲੇ ਸਪੂਤਨਿਕ-V ਦੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਦੇਣ ਤੋਂ ਬਆਅਦ ਨਾ ਸਿਰਫ਼ ਮਜ਼ਬੂਤ ਪ੍ਰਤੀ ਰੱਖਿਆ ਵਿਕਸਿਤ ਹੁੰਦੀ ਹੈ ਪਰ ਇਹ ਲੰਬੇ ਸਮੇਂ ਤਕ ਬਣੀ ਵੀ ਰਹਿੰਦੀ ਹੈ।

ਭਾਰਤ ਸਮੇਤ ਕਈ ਦੇਸ਼ਾਂ ਵਿਚ ਚੱਲ ਰਿਹਾ ਤੀਸਰੇ ਪੜਾਅ ਦਾ ਟ੍ਰਾਇਲ

ਸਪੂਤਨਿਕ-V ਦੇ ਦੂਸਰੇ ਤੇ ਤੀਸਰੇ ਪੜਾਅ ਦਾ ਟ੍ਰਾਇਲ ਭਾਰਤ ਸਮੇਤ ਯੂਏਈ, ਵੈਨੇਜ਼ੁਏਲਾ, ਬੇਲਾਰੂਸ ਤੇ ਹੋਰਨਾਂ ਦੇਸ਼ਾਂ ਵਿਚ ਹਜ਼ਾਰਾਂ ਲੋਕਾਂ 'ਤੇ ਚੱਲ ਰਿਹਾ ਹੈ। ਭਾਰਤ ਵਿਚ ਹੈਦਰਾਬਾਦ ਸਥਿਤ ਡਾ. ਰੈੱਡੀਜ਼ ਲੈਬਾਰਟਰੀ ਇਸ ਦਾ ਟ੍ਰਾਇਲ ਕਰ ਰਹੀ ਹੈ। ਦਿਮਿਤ੍ਰਿਵ ਨੇ ਕਿਹਾ ਕਿ ਅਗਲੇ ਸਾਲ ਇਸ ਦੀਆਂ ਇਕ ਅਰਬ ਤੋਂ ਜ਼ਿਆਦਾ ਖ਼ੁਰਾਕਾ ਤਿਆਰ ਕਰ ਲਈਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਉਤਪਾਦਨ ਵਧਾਉਣ ਤੇ ਕੀਮਤਾਂ ਘਟਾਉਣ ਦਾ ਯਤਨ ਚੱਲ ਰਿਹਾ ਹੈ।

Posted By: Seema Anand