ਕਾਠਮੰਡੂ (ਆਈਏਐੱਨਐੱਸ) : ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੀ ਲਪੇਟ 'ਚ ਆਏ ਨੇਪਾਲ 'ਚ ਇਨਫੈਕਸ਼ਨ ਵੱਧ ਗਿਆ ਹੈ। ਤੇਜ਼ੀ ਨਾਲ ਵਧਦੀ ਮਹਾਮਾਰੀ ਨੂੰ ਰੋਕਣ ਦੀ ਕੋਸ਼ਿਸ਼ 'ਚ ਸਰਹੱਦਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਮਹਾਮਾਰੀ ਨਾਲ ਨਜਿੱਠਣ ਲਈ ਖ਼ਾਸ ਤੌਰ 'ਤੇ ਗੁਆਂਢੀ ਮੁਲਕਾਂ ਤੋਂ ਮਦਦ ਮੰਗੀ ਹੈ। ਉਨ੍ਹਾਂ ਨੇ ਸਾਰੀਆਂ ਘਰੇਲੂ ਤੇ ਕੌਮਾਂਤਰੀ ਉਡਾਣਾਂ 'ਤੇ 15 ਮਈ ਤਕ ਰੋਕ ਲਾਉਣ ਦਾ ਐਲਾਨ ਵੀ ਕੀਤਾ ਹੈ। ਹਾਲਾਂਕਿ ਭਾਰਤ ਲਈ ਹਫਤੇ 'ਚ ਦੋ ਉਡਾਣਾਂ ਚੱਲਣਗੀਆਂ।

ਇਸ ਹਿਮਾਲਈ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਰਿਕਾਰਡ 7,388 ਨਵੇਂ ਕੇਸ ਪਾਏ ਗਏ ਤੇ 37 ਪੀੜਤਾਂ ਦੀ ਜਾਨ ਚਲੀ ਗਈ। ਇੱਥੇ ਹੁਣ ਤਕ ਕੁਲ ਤਿੰਨ ਲੱਖ 43 ਹਜ਼ਾਰ ਤੋਂ ਜ਼ਿਆਦਾ ਮਾਮਲੇ ਮਿਲੇ ਹਨ ਤੇ 3,362 ਮੌਤਾਂ ਹੋਈਆਂ ਹਨ। ਓਲੀ ਨੇ ਸੋਮਵਾਰ ਰਾਤ ਗੁਆਂਢੀਆਂ ਸਮੇਤ ਦੁਨੀਆ ਭਰ ਦੇ ਦੇਸ਼ਾਂ ਤੋਂ ਮਦਦ ਮੰਗੀ। ਉਨ੍ਹਾਂ ਕਿਹਾ ਕਿ ਇਸ ਛੋਟੇ ਜਿਹੇ ਦੇਸ਼ ਦੀ ਸਿਹਤ ਵਿਵਸਥਾ ਨੂੰ ਵਿਗੜਨ ਤੋਂ ਬਚਾਉਣ ਲਈ ਜ਼ਰੂਰੀ ਮੈਡੀਕਲ ਉਪਕਰਨਾਂ ਤੇ ਵੈਕਸੀਨ ਦੀ ਲੋੜ ਹੈ। ਓਲੀ ਨੇ ਟੈਲੀਵਿਜ਼ਨ 'ਤੇ ਸੰਬੋਧਨ 'ਚ ਕਿਹਾ, 'ਮੈਂ ਮੌਜੂਦਾ ਮਹਾਮਾਰੀ ਨਾਲ ਲੜਾਈ 'ਚ ਆਪਣੇ ਗੁਆਂਢੀਆਂ, ਦੋਸਤ ਮੁਲਕਾਂ ਤੇ ਕੌਮਾਂਤਰੀ ਫਿਰਕੇ ਤੋਂ ਮਦਦ ਦੀ ਅਪੀਲ ਕਰਦਾ ਹਾਂ।'।