ਕੈਨਬਰਾ, ਏਪੀ : ਕੋਰੋਨਾ ਵਾਇਰਸ ਇਨਫੈਕਸ਼ਨ ਦਾ ਖ਼ਤਰਾ ਹਾਲੇ ਤਕ ਦੁਨੀਆ ਤੋਂ ਟਲ਼ਿਆ ਨਹੀਂ ਹੈ। ਭਾਰਤ ਵਰਗੇ ਦੇਸ਼ਾਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਰਫ਼ਤਾਰ 'ਤੇ ਲਗਾਮ ਜ਼ਰੂਰ ਲੱਗੀ ਹੈ, ਪਰ ਅਮਰੀਕਾ ਵਰਗੇ ਦੇਸ਼ਾਂ 'ਚ ਹਾਲਾਤ ਠੀਕ ਨਹੀਂ ਹਨ। ਅਮਰੀਕਾ ਦੇ ਨਾਲ ਹੀ ਕਈ ਯੂਰਪੀ ਦੇਸ਼ਾਂ 'ਚ ਵੀ ਕੋਰੋਨਾ ਵਾਇਰਸ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਕਈ ਦੇਸ਼ਾਂ ਨੇ ਇਸ ਮਹਾਮਾਰੀ 'ਤੇ ਕਾਬੂ ਪਾਉਣ ਲਈ ਵੈਕਸੀਨ ਦੇ ਨਾਲ-ਨਾਲ ਲਾਕਡਾਊਨ ਦਾ ਬਦਲ ਵੀ ਅਪਨਾਇਆ ਹੈ। ਆਸਟ੍ਰੇਲੀਆ ਅਜਿਹੇ ਹੀ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੈ ਜਿੱਥੇ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਲਾਕਡਾਊਨ ਲਗਾਇਆ ਗਿਆ ਹੈ।

ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ 'ਚ 12 ਅਗਸਤ ਨੂੰ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦਾ ਇਕ ਮਾਮਲਾ ਸਾਹਮਣੇ ਆਇਆ ਸੀ। ਸਰਕਾਰ ਨੇ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਤੇ ਰਾਜਧਾਨੀ 'ਚ ਲਾਕਡਾਊਨ ਲਗਾਉਣ ਦਾ ਫ਼ੈਸਲਾ ਲਿਆ ਗਿਆ। ਆਸਟ੍ਰੇਲੀਆ ਸ਼ਾਇਦਾ ਪਹਿਲਾ ਅਜਿਹਾ ਦੇਸ਼ ਹੋਵੇਗਾ ਜਿੱਥੇ ਸਿਰਫ਼ ਕੋਰੋਨਾ ਦਾ ਇਕ ਕੇਸ ਆਉਣ ਤੋਂ ਬਾਅਦ ਲਾਕਡਾਊਨ ਦਾ ਫ਼ੈਸਲਾ ਲਿਆ ਗਿਆ। ਰਾਜਧਾਨੀ ਕੈਨਬਰਾ 'ਚ ਕੋਵਿਡ-19 ਦੇ ਹੁਣ 22 ਨਵੇਂ ਮਾਮਲੇ ਸਾਹਮਣੇ ਆਏ ਹਨ। ਅਜਿਹੇ ਵਿਚ ਲਾਕਡਾਊਨ ਨੂੰ 15 ਅਕਤੂਬਰ ਤਕ ਵਧਾ ਦਿੱਤਾ ਗਿਆ ਹੈ।

ਆਸਟ੍ਰੇਲਿਆਈ ਰਾਜਧਾਨੀ ਖੇਤਰ ਦੇ ਮੁੱਖ ਮੰਤਰੀ ਐਂਡਰਿਊ ਬਰਰ ਨੇ ਦੱਸਿਆ ਕਿ ਕੈਨਬਰਾ ਦੇ ਲਾਕਡਾਊਨ ਨੂੰ 15 ਅਕਤੂਬਰ ਤਕ ਵਧਾਇਆ ਜਾਵੇਗਾ। ਦੱਸ ਦੇਈਏ ਕਿ ਕੈਨਬਰਾ ਨਿਊ ਸਾਊਥ ਵੇਲਸ ਸੂਬੇ ਨਾਲ ਘਿਰਿਆ ਹੋਇਆ ਹੈ ਜਿੱਥੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਡੈਲਟਾ ਵੇਰੀਐਂਟ ਦੇ ਮਾਮਲੇ ਸਾਹਮਣੇ ਆਏ ਸਨ।

ਆਸਟ੍ਰੇਲਿਆਈ ਸਰਕਾਰ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ 'ਚ ਕਾਫੀ ਹੱਦ ਤਕ ਕਾਮਯਾਬ ਰਹੀ ਹੈ। ਕੈਨਬਰਾ 'ਚ ਡੈਲਟਾ ਵੇਰੀਐਂਟ ਆਉਣ ਤੋਂ ਪਹਿਲਾਂ 4,30,00 ਲੋਕਾਂ ਦੇ ਸ਼ਹਿਰ 'ਚ 10 ਜੁਲਾਈ, 2020 ਤੋਂ ਕੋਰੋਨਾ ਵਾਇਰਸ ਭਾਈਚਾਰਕ ਇਨਫੈਕਸ਼ਨ ਦਾ ਇਕ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ। ਸ਼ਾਇਦ ਇਹੀ ਵਜ੍ਹਾ ਹੈ ਕਿ ਪਹਿਲਾ ਮਾਮਲਾ ਸਾਹਮਣੇ ਆਉਂਦੇ ਹੀ ਇੱਥੇ ਲਾਕਡਾਊਨ ਲਾਉਣ ਦਾ ਫ਼ੈਸਲਾ ਲਿਆ ਗਿਆ।

Posted By: Seema Anand