ਬਰਲਿਨ, ਰਾਇਟਰਜ਼ : ਜਰਮਨੀ ਦੇ ਕੋਰੋਨਾ ਪ੍ਰਭਾਵਿਤ ਇਲਾਕਿਆਂ ਵਿਚ ਦੂਜੇ ਦੇਸ਼ਾਂ ਦੀ ਯਾਤਰਾ ਤੋਂ ਵਾਪਸ ਪਰਤਣ ਵਾਲਿਆਂ ਲਈ ਸ਼ਨੀਵਾਰ ਤੋਂ COVID-19 ਟੈਸਟ ਕਰਵਾਉਣਾ ਲਾਜ਼ਮੀ ਹੋ ਜਾਵੇਗਾ। ਸਰਕਾਰ ਨੇ ਦੇਸ਼ ਵਿਚ ਵੱਧ ਰਹੇ ਕੋਰੋਨਾ ਇਨਫੈਕਸ਼ਨ ਦੇ ਮੱਦੇਨਜ਼ਰ ਇਹ ਐਲਾਨ ਕੀਤਾ ਹੈ।ਸਿਹਤ ਮੰਤਰੀ ਜੇਨਸ ਸਪੈਨ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦਾ ਤੇਜ਼ੀ ਨਾਲ ਫੈਲਣਾ ਚਿੰਤਾ ਦਾ ਵਿਸ਼ਾ ਹੈ। ਇਸ ਦੇ ਮੱਦੇਨਜ਼ਰ, ਇਹ ਫੈਸਲਾ ਲਿਆ ਗਿਆ ਹੈ। ਸਪੈਨ ਨੇ ਦੱਸਿਆ ਕਿ ਮਈ ਤੋਂ ਬਾਅਦ ਪਹਿਲੀ ਵਾਰ, ਹਰ ਦਿਨ ਲਾਗ ਦੇ 1000 ਕੇਸ ਸਾਹਮਣੇ ਆ ਰਹੇ ਹਨ।

ਸਪੈਨ ਨੇ ਕੋਰੋਨਾ ਮਾਮਲਿਆਂ ਵਿੱਚ ਹੋਏ ਵਾਧੇ ਲਈ ਵੱਖ-ਵੱਖ ਦੇਸ਼ਾਂ ਤੋਂ ਵਾਪਸ ਆਉਣ ਵਾਲੇ ਲੋਕਾਂ ਅਤੇ ਸਮਾਜਿਕ ਦੂਰੀਆਂ ਨੂੰ ਨਜ਼ਰ ਅੰਦਾਜ਼ ਕਰਨ ਵਾਲੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ। ਦੂਜੇ ਪਾਸੇ, ਉਸਦਾ ਮੰਨਣਾ ਹੈ ਕਿ ਦੇਸ਼ ਵਿੱਚ ਕੋਰੋਨਾ ਟੈਸਟਿੰਗ ਵਿੱਚ ਵਾਧੇ ਕਾਰਨ ਹੋਰ ਕੇਸ ਵੀ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ "ਮੈਂ ਸਮਝਦਾ ਹਾਂ ਕਿ ਲੋਕ ਹੁਣ ਅੱਕ ਚੁੱਕੇ ਹਨ, ਪਰ ਉਨ੍ਹਾਂ ਨੂੰ ਸਵੀਕਾਰ ਕਰਨਾ ਪਏਗਾ ਕਿ ਇਹ ਮਹਾਂਮਾਰੀ ਹਮੇਸ਼ਾ ਇੱਕ ਗੰਭੀਰ ਮੁੱਦਾ ਸੀ।"

ਦੱਸ ਦੇਈਏ ਕਿ ਵਿਸ਼ਵ ਭਰ ਵਿੱਚ ਡੇਢ ਕਰੋੜ ਤੋਂ ਵੱਧ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਦੁਨੀਆ ਭਰ ਵਿਚ 18.8 ਕਰੋੜ ਲੋਕਾਂ ਵਿੱਚ ਕੋਰੋਨਾ ਦੀ ਲਾਗ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 7,03,000 ਦੀ ਮੌਤ ਇਸ ਵਾਇਰਸ ਕਾਰਨ ਹੋਈ ਹੈ। ਕੋਰੋਨਾ ਤੋਂ ਸਭ ਤੋਂ ਪ੍ਰਭਾਵਤ ਦੇਸ਼ਾਂ ਦੀ ਸੂਚੀ ਵਿਚ ਅਮਰੀਕਾ ਪਹਿਲੇ ਨੰਬਰ 'ਤੇ ਹੈ, ਜਿਥੇ ਸੰਕਰਮਿਤ ਦਾ ਅੰਕੜਾ 48 ਲੱਖ ਤੋਂ ਪਾਰ ਪਹੁੰਚ ਗਿਆ ਹੈ। ਉਥੇ ਹੀ ਡੇਢ ਲੱਖ ਤੋਂ ਵੱਧ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਗਈ ਹੈ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਦੂਸਰਾ ਸਥਾਨ ਹੈ, ਜਿਥੇ 28 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਦੇ ਲਾਗ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਇਸ ਵਾਇਰਸ ਕਾਰਨ 95 ਹਜ਼ਾਰ ਤੋਂ ਵੱਧ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ, ਭਾਰਤ ਤੀਜੇ ਸਥਾਨ 'ਤੇ ਹੈ, ਜਿੱਥੇ ਹੁਣ ਤੱਕ 18 ਲੱਖ ਤੋਂ ਵੱਧ ਆਬਾਦੀ ਪ੍ਰਭਾਵਿਤ ਹੋਈ ਹੈ ਅਤੇ 40 ਹਜ਼ਾਰ ਤੋਂ ਵੱਧ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਰੂਸ ਚੌਥੇ ਅਤੇ ਦੱਖਣੀ ਅਫਰੀਕਾ ਪੰਜਵੇਂ ਸਥਾਨ 'ਤੇ ਹੈ।

Posted By: Sunil Thapa