ਬਰਲਿਨ, ਏਜੰਸੀਆਂ : ਯੂਰਪ 'ਤੇ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਜਰਮਨੀ, ਸਪੇਨ, ਫਰਾਂਸ ਅਤੇ ਯੂਕੇ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਨਵੇਂ ਮਾਮਲਿਆਂ ਵਿਚ ਕੁਝ ਤੇਜ਼ੀ ਵੇਖੀ ਗਈ ਹੈ। ਜਰਮਨੀ ਵਿਚ, ਤਿੰਨ ਮਹੀਨਿਆਂ ਬਾਅਦ ਇਕ ਦਿਨ ਵਿਚ ਰਿਕਾਰਡ ਨਵੇਂ ਇਨਫੈਕਸ਼ਨ ਹੋਣ ਦਾ ਪਤਾ ਲੱਗਿਆ ਹੈ, ਜਦੋਂ ਕਿ ਸਕਾਟਲੈਂਡ ਦੇ ਏਬਰਡੀਨ ਸ਼ਹਿਰ ਵਿਚ ਕੋਰੋਨਾ ਦਾ ਕਹਿਰ ਰੋਕਣ ਦੀ ਕੋਸ਼ਿਸ਼ ਤਹਿਤ ਇਕ ਵਾਰ ਫਿਰ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਨ੍ਹਾਂ ਯੂਰਪ ਦੇ ਦੇਸ਼ਾਂ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਇਨਫੈਕਸ਼ਨ ਦੇ ਕੇਸਾਂ ਵਿੱਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਸੀ।

ਜਰਮਨੀ ਦੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਨੇ ਦੱਸਿਆ ਕਿ ਬੁੱਧਵਾਰ ਨੂੰ ਦੇਸ਼ ਭਰ ਵਿਚ 1,045 ਨਵੇਂ ਕੇਸ ਪਾਏ ਗਏ। ਬੀਤੀ 7 ਮਈ ਤੋਂ ਬਾਅਦ ਦੇਸ਼ ਵਿਚ ਪਹਿਲੀ ਵਾਰ ਇਕ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਪਾਏ ਗਏ ਹਨ। ਇਸ ਯੂਰਪੀਅਨ ਦੇਸ਼ ਵਿੱਚ ਪਿਛਲੇ ਅਪ੍ਰੈਲ ਵਿੱਚ ਜਦ ਮਹਾਂਮਾਰੀ ਆਪਣੇ ਸਿਖਰ 'ਤੇ ਸੀ, ਤਾਂ ਰੋਜ਼ਾਨਾ ਔਸਤਨ 6 ਹਜ਼ਾਰ ਤੋਂ ਵੱਧ ਕੇਸ ਮਿਲ ਰਹੇ ਸਨ।

ਅਧਿਕਾਰੀਆਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੋਰੋਨਾ ਦੀ ਰੋਕਥਾਮ ਲਈ ਜਰਮਨੀ ਦੇ ਨਾਗਰਿਕ ਮਾਸਕ ਪਹਿਨਣ ਅਤੇ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਇਸ ਦੇਸ਼ ਵਿਚ ਹੁਣ ਤਕ ਕੁਲ 2 ਲੱਖ 13 ਹਜ਼ਾਰ ਕੇਸ ਸਾਹਮਣੇ ਆਏ ਹਨ ਅਤੇ 9,175 ਦੀ ਮੌਤ ਹੋਈ ਹੈ।

ਇਧਰ, ਸਕਾਟਲੈਂਡ ਦੀ ਪ੍ਰਧਾਨ ਮੰਤਰੀ ਨਿਕੋਲਾ ਸਟਾਰਜਨ ਨੇ ਕਿਹਾ ਕਿ ਪੋਰਟ ਸ਼ਹਿਰ ਏਬਰਡੀਨ ਵਿੱਚ ਨਵੇਂ ਮਾਮਲਿਆਂ ਵਿੱਚ ਵਾਧਾ ਵੇਖਿਆ ਜਾ ਰਿਹਾ ਹੈ। ਇਸ ਦੇ ਕਾਰਨ, ਸ਼ਹਿਰ ਦੇ ਬਾਰ, ਕੈਫੇ ਅਤੇ ਰੈਸਟੋਰੈਂਟ ਬੰਦ ਕਰਨ ਦੇ ਆਦੇਸ਼ ਦੇ ਨਾਲ, ਨਵੀਂ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਇਹ ਕਦਮ ਸ਼ਹਿਰ ਦੇ ਇਕ ਬਾਰ ਦੇ ਨਾਲ ਜੁੜੇ ਕੋਰੋਨਾ ਵਾਇਰਸ ਦੇ 54 ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਲਿਆ ਗਿਆ ਹੈ। ਸਕਾਟਲੈਂਡ ਵਿੱਚ ਕੁੱਲ 18 ਹਜ਼ਾਰ 781 ਵਿਅਕਤੀ ਸੰਕਰਮਿਤ ਪਾਏ ਗਏ ਸਨ, ਜਦੋਂਕਿ ਯੂਕੇ ਵਿੱਚ ਹੁਣ ਤੱਕ ਕੁੱਲ ਤਿੰਨ ਲੱਖ ਸੱਤ ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 46 ਹਜ਼ਾਰ ਤੋਂ ਵੱਧ ਮਾਰੇ ਜਾ ਚੁੱਕੇ ਹਨ।

ਬ੍ਰਾਜ਼ੀਲ ਵਿਚ ਫਿਰ ਤੋਂ 50 ਹਜ਼ਾਰ ਤੋਂ ਵੱਧ ਨਵੇਂ ਮਾਮਲੇ

ਕੋਰੋਨਾ ਮਹਾਂਮਾਰੀ ਨਾਲ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਤ ਹੋਏ ਬ੍ਰਾਜ਼ੀਲ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਜਾਰੀ ਹੈ। ਇਸ ਲਾਤੀਨੀ ਅਮਰੀਕੀ ਦੇਸ਼ ਵਿੱਚ ਦੁਬਾਰਾ ਫਿਰ 50,000 ਤੋਂ ਵੱਧ ਨਵੇਂ ਕੇਸ ਪਾਏ ਗਏ ਹਨ। ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 57 ਹਜ਼ਾਰ 152 ਨਵੇਂ ਕੇਸ ਪਾਏ ਗਏ ਹਨ। ਇਕ ਦਿਨ ਪਹਿਲਾਂ, 51 ਹਜ਼ਾਰ ਤੋਂ ਵੱਧ ਨਵੇਂ ਕੇਸ ਪਾਏ ਗਏ ਸਨ। ਹੁਣ ਤੱਕ ਕੁੱਲ 28 ਲੱਖ 60 ਹਜ਼ਾਰ ਲੋਕ ਪੀੜਤ ਹੋਏ ਹਨ, ਜਦੋਂਕਿ 97 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਇਜ਼ਰਾਈਲ ਵਿਚ ਮਿਲੇ 1,721 ਨਵੇਂ ਪਾਜ਼ੇਟਿਵ

ਇਜ਼ਰਾਈਲ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ 1,721 ਨਵੇਂ ਪਾਜ਼ੇਟਿਵ ਕੇਸ ਪਾਏ ਜਾਣ ਪਿੱਛੇ ਮਾਮਲਿਆਂ ਦੀ ਗਿਣਤੀ 77 ਹਜ਼ਾਰ 919 ਹੋ ਗਈ ਹੈ, ਜਦੋਂ ਕਿ ਹੁਣ ਤੱਕ 565 ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਸਰਕਾਰ ਨੇ ਹਫਤੇ ਦੇ ਅੰਤ ਦੌਰਾਨ ਦੁਕਾਨਾਂ ਖੋਲ੍ਹੋ 'ਤੇ ਲੱਗੀ ਰੋਕ ਹਟਾਉਣ ਦਾ ਫੈਸਲਾ ਕੀਤਾ ਹੈ।

ਇਨ੍ਹਾਂ ਦੇਸ਼ਾਂ ਵਿੱਚ ਵੀ ਵੱਧ ਰਹੇ ਹਨ ਮਾਮਲੇ

ਜਾਪਾਨ : ਆਈਚੀ ਸੂਬੇ ਵਿੱਚ ਕੋਰੋਨਾ ਦੇ ਮਾਮਲੇ ਵੱਧਣ ਉੱਤੇ ਹੈਲਥ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਥੇ ਰੋਜ਼ਾਨਾਂ 100 ਤੋਂ ਵੱਧ ਮਾਮਲੇ ਮਿਲ ਰਹੇ ਹਨ।

ਵਿਅਤਨਾਮ : ਅਧਿਕਾਰੀਆਂ ਨੇ ਦੇਸ਼ ਵਿੱਚ ਆਉਣ ਵਾਲੇ 10 ਦਿਨਾਂ ਵਿੱਚ ਮਹਾਂਮਾਰੀ ਦੇ ਸਿਖਰ ਉੱਤੇ ਪਹੁੰਚਣ ਦਾ ਅੰਦੇਸ਼ਾ ਜਾਹਿਰ ਕੀਤਾ ਹੈ। ਇਸ ਵਿਚਕਾਰ 9ਵੇਂ ਪੀੜਤ ਦੀ ਮੌਤ ਹੋ ਗਈ ਹੈ।

ਪਾਕਿਸਤਾਨ : 727 ਨਵੇਂ ਕੋਰੋਨਾ ਪੀੜਤ ਪਾਏ ਜਾਣ ਨਾਲ ਪੀੜਤ ਲੋਕਾਂ ਦੀ ਗਿਣਤੀ 2 ਲੱਖ 81 ਹਜ਼ਾਰ ਤੋਂ ਵੱਧ ਹੋ ਗਈ ਹੈ। 6.035 ਪੀੜਤਾਂ ਦੀ ਮੌਤ ਹੋ ਚੁੱਕੀ ਹੈ।

ਫਿਲੀਪੀਨਜ਼ : 3,561 ਨਵੇਂ ਕੇਸਾਂ ਸਾਹਮਣੇ ਆਉਣ ਨਾਲ ਹੀ ਦੇਸ਼ ਵਿਚ ਪੀੜਤਾਂ ਦੀ ਗਿਣਤੀ 01 ਲੱਖ 20 ਹਜ਼ਾਰ ਹੋ ਗਈ ਹੈ। ਜਦੋਂ ਕਿ ਕੋਰਨਾ ਦੇ 2,150 ਮਰੀਜ਼ਾਂ ਦੀ ਮੌਤ ਹੋ ਗਈ।

ਨੇਪਾਲ : ਰਾਜਧਾਨੀ ਕਾਠਮੰਡੂ 'ਚ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਮੁੜ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਦੇਸ਼ ਵਿੱਚ ਕੁੱਲ 21 ਹਜ਼ਾਰ 390 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।

Posted By: Tejinder Thind