ਜਨੇਵਾ (ਏਜੰਸੀਆਂ) : ਵਿਸ਼ਵ ਸਿਹਤ ਸੰਗਠਨ ਡਬਲਯੂਐੱਚਓ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਮਹਾਮਾਰੀ ਹਾਲੇ ਖ਼ਤਮ ਹੋਣ ਵਾਲੀ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਇਸ ਮਹਾਮਾਰੀ ਦਾ ਬੁਰਾ ਦੌਰ ਆਉਣਾ ਬਾਕੀ ਹੈ। ਦੱਸਣਯੋਗ ਹੈ ਕਿ ਚੀਨ 'ਚ ਲਗਪਗ 6 ਮਹੀਨੇ ਪਹਿਲਾਂ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਉਦੋਂ ਇਸ ਨੂੰ ਰਹੱਸਮਈ ਨਿਮੋਨੀਆ ਵਰਗੀ ਬਿਮਾਰੀ ਵਜੋਂ ਦੇਖਿਆ ਜਾ ਰਿਹਾ ਸੀ। ਅਜਿਹਾ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਸ ਨਾਲ ਜ਼ਿਆਦਾ ਤੋਂ ਜ਼ਿਆਦਾ 800 ਲੋਕ ਮਾਰੇ ਜਾਣਗੇ ਪਰ ਇਹ ਗ਼ਲਤ ਸਾਬਤ ਹੋਇਆ। ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਹੁਣ ਤਕ ਇਕ ਕਰੋੜ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋ ਚੁੱਕੇ ਹਨ ਤੇ 5 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਇਹ ਵਾਇਰਸ ਲੈ ਚੁੱਕਾ ਹੈ।

ਡਬਲਯੂਐੱਚਓ ਦੇ ਪ੍ਰਮੁੱਖ ਟੇਡ੍ਰੋਮ ਐਡਹਾਮ ਗਿਬ੍ਰੇਏਸਿਸ ਨੇ ਕਿਹਾ ਕਿ ਇਸ ਮਹਾਮਾਰੀ ਨੂੰ ਹਰਾਉਣ ਲਈ ਸਾਨੂੰ ਰਲ ਕੇ ਯਤਨ ਕਰਨ ਦੀ ਲੋੜ ਹੈ। ਜੇ ਪੂਰੀ ਦੁਨੀਆ ਦੀਆਂ ਸਰਕਾਰਾਂ ਨੇ ਸਹੀ ਨੀਤੀਆਂ ਦੀ ਪਾਲਣਾ ਨਾ ਕੀਤੀ ਤਾਂ ਇਹ ਵਾਇਰਸ ਹੋਰ ਲੋਕਾਂ ਨੂੰ ਇਨਫੈਕਟਿਡ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ, 'ਹਾਲੇ ਸਭ ਤੋਂ ਬੁਰਾ ਸਮਾਂ ਆਉਣਾ ਬਾਕੀ ਹੈ। ਇਸ ਤਰ੍ਹਾਂ ਦੇ ਵਾਤਾਵਰਨ ਤੇ ਹਾਲਾਤ 'ਚ ਸਾਨੂੰ ਹੋਰ ਬੁਰਾ ਹੋਣ ਦਾ ਡਰ ਹੈ।' ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਛੇ ਮਹੀਨੇ ਪਹਿਲਾਂ ਅਸੀਂ ਨਹੀਂ ਜਾਣਦੇ ਸਾਂ ਕਿ ਇਕ ਵਾਇਰਸ ਕਾਰਨ ਪੂਰੀ ਦੁਨੀਆ ਬਦਲ ਜਾਵੇਗੀ। ਇਸ ਦੌਰਾਨ ਨਾ ਸਿਰਫ ਲੋਕਾਂ ਨੂੰ ਆਪਣੇ ਘਰਾਂ 'ਚ ਕੈਦ ਹੋਣਾ ਪਵੇਗਾ, ਬਲਕਿ ਸਭ ਕੁਝ ਬੰਦ ਵੀ ਹੋ ਜਾਵੇਗਾ। ਡਬਲਯੂਐੱਚਓ ਪ੍ਰਮੁੱਖ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ 'ਚ ਕੋਰੋਨਾ ਸਾਡੇ ਜੀਵਨ ਦਾ ਹਿੱਸਾ ਬਣ ਜਾਵੇਗਾ ਤੇ ਸਾਨੂੰ ਇਹ ਤੈਅ ਕਰਨਾ ਪਵੇਗਾ ਕਿ ਇਸ ਨਾਲ ਕਿਵੇਂ ਰਹਿਣਾ ਹੈ।

ਟਰੰਪ ਦੇ ਕੁੰਗ ਫਲੂ ਵਾਲੇ ਬਿਆਨ 'ਤੇ ਡਬਲਯੂਐੱਚਓ ਦੀ ਨਸੀਹਤ

ਡਬਲਯੂਐੱਚਓ ਦੇ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਮਾਈਕਲ ਰੇਆਨ ਨੇ ਸੋਮਵਾਰ ਨੂੰ ਕਿਹਾ ਕਿ ਮਹਾਮਾਰੀ 'ਤੇ ਚਰਚਾ ਦੌਰਾਨ ਸਾਨੂੰ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਬਚਣਾ ਚਾਹੀਦਾ। ਉਨ੍ਹਾਂ ਦਾ ਇਸ਼ਾਰਾ ਟਰੰਪ ਦੇ ਉਸ ਬਿਆਨ ਵੱਲ ਸੀ, ਜਿਸ 'ਚ ਉਨ੍ਹਾਂ ਨੇ ਵਾਇਰਸ 'ਕੁੰਗ ਫਲੂ' ਕਿਹਾ ਸੀ। ਦੱਸਣਯੋਗ ਹੈ ਕਿ ਚੀਨ 'ਚ ਕੁੰਗ ਫਲੂ ਮਾਰਸ਼ਲ ਆਰਟ ਹੈ। ਡਬਲਯੂਐੱਚਓ ਨੇ ਕਿਹਾ ਕਿ ਸਾਡੇ ਦਿ੍ਸ਼ਟੀਕੋਣ ਨਾਲ ਮਹਾਮਾਰੀ 'ਤੇ ਗੱਲਬਾਤ ਦੌਰਾਨ ਆਪਸੀ ਮਾਣ-ਸਨਮਾਨ ਦਾ ਖਿਆਲ ਰੱਖਣਾ ਚਾਹੀਦਾ। ਇਸ ਦੌਰਾਨ ਵਰਤੀ ਜਾਣ ਵਾਲੀ ਭਾਸ਼ਾ ਨਾ ਸਿਰਫ ਆਦਰ ਪੂਰਵਕ ਹੋਵੇ ਬਲਕਿ ਅਸੀਂ ਅਜਿਹੇ ਸੰਕੇਤ ਦੀ ਵਰਤੋਂ ਨਾ ਕਰੀਏ ਜੋ ਕਿਸੇ ਦੇਸ਼ ਵਿਸ਼ੇਸ਼ ਦਾ ਨਾਂਹਪੱਖੀ ਅਕਸ ਪ੍ਰਦਰਸ਼ਿਤ ਕਰੇ। ਓਧਰ, ਬ੍ਰਾਜ਼ੀਲ ਨੂੰ ਸਲਾਹ ਦਿੰਦਿਆਂ ਰੇਆਨ ਨੇ ਕਿਹਾ ਕਿ ਉਥੋਂ ਦੀ ਸਰਕਾਰ ਨੂੰ ਮਹਾਮਾਰੀ 'ਤੇ ਕਾਬੂ ਲਈ ਵਿਆਪਕ ਦਿ੍ਸ਼ਟੀਕੋਣ ਅਪਣਾਉਣਾ ਚਾਹੀਦਾ ਹੈ।