ਸੰਯੁਕਤ ਰਾਸ਼ਟਰ (ਏਐੱਫਪੀ) : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਕੋਰੋਨਾ ਮਹਾਮਾਰੀ 'ਤੇ ਚਰਚਾ ਲਈ ਵੀਰਵਾਰ ਨੂੰ ਬੰਦ ਕਮਰੇ ਵਿਚ ਇਕ ਬੈਠਕ ਕਰੇਗੀ। ਹਾਲਾਂਕਿ ਅਜੇ ਤਕ ਇਹ ਤੈਅ ਨਹੀਂ ਹੈ ਕਿ ਇਸ ਬੈਠਕ ਪਿੱਛੋਂ ਕੋਈ ਬਿਆਨ ਜਾਰੀ ਕੀਤਾ ਜਾਵੇਗਾ ਜਾਂ ਨਹੀਂ। ਇਹ ਪਹਿਲੀ ਵਾਰ ਹੋਵੇਗਾ ਜਦੋਂ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰ ਅਮਰੀਕਾ, ਬਿ੍ਟੇਨ, ਫਰਾਂਸ, ਰੂਸ ਅਤੇ ਚੀਨ ਕੋਵਿਡ-19 ਮਹਾਮਾਰੀ 'ਤੇ ਚਰਚਾ ਕਰਨਗੇ।

15 ਮੈਂਬਰੀ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਡੋਮੀਨਿਕਨ ਗਣਰਾਜ ਵੱਲੋਂ ਸੋਮਵਾਰ ਨੂੰ ਦੱਸਿਆ ਗਿਆ ਕਿ ਯੂਐੱਨਐੱਸਸੀ ਦੇ ਅਧਿਕਾਰ ਖੇਤਰ ਵਿਚ ਆਉਣ ਵਾਲੇ ਮਾਮਲਿਆਂ 'ਤੇ ਕੋਵਿਡ-19 ਦੇ ਪ੍ਰਭਾਵ ਦੇ ਸਬੰਧ ਵਿਚ ਵੀਡੀਓ ਟੈਲੀਕਾਨਫਰੰਸਿੰਗ ਦੇ ਮਾਧਿਅਮ ਰਾਹੀਂ ਬੈਠਕ ਦਾ ਫ਼ੈਸਲਾ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਐਂਟੋਨੀਓ ਗੁਤਰਸ ਵੀ ਇਸ ਮੀਟਿੰਗ ਵਿਚ ਹਿੱਸਾ ਲੈਣਗੇ। ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਮਹਾ ਸਭਾ ਨੇ ਇਸ ਮਹਾਮਾਰੀ ਖ਼ਿਲਾਫ਼ ਅੰਤਰਰਾਸ਼ਟਰੀ ਸਹਿਯੋਗ ਨੂੰ ਵਧਾਉਣ ਵਾਲਾ ਇਕ ਪ੍ਰਸਤਾਵ ਸਵੀਕਾਰ ਕੀਤਾ ਸੀ। ਰੂਸ ਨੇ ਇਸ ਪ੍ਰਸਤਾਵ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਉਸ ਨੂੰ ਸਿਰਫ਼ ਚਾਰ ਦੇਸ਼ਾਂ ਦਾ ਹੀ ਸਮੱਰਥਨ ਮਿਲਿਆ।

ਅਮਰੀਕਾ ਲੰਬੇ ਸਮੇਂ ਤੋਂ ਕਹਿੰਦਾ ਰਿਹਾ ਹੈ ਕਿ ਮਹਾ ਸਭਾ ਵੱਲੋਂ ਸਵੀਕਾਰ ਕੀਤੇ ਜਾਣ ਵਾਲੇ ਕਿਸੇ ਵੀ ਪ੍ਰਸਤਾਵ ਵਿਚ ਇਸ ਗੱਲ ਦਾ ਜ਼ਿਕਰ ਜ਼ਰੂਰ ਹੋਵੇ ਕਿ ਵਾਇਰਸ ਸਭ ਤੋਂ ਪਹਿਲੇ ਚੀਨ ਵਿਚ ਮਿਲਿਆ ਸੀ ਪ੍ਰੰਤੂ ਚੀਨ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਪ੍ਰਸਤਾਵ ਵਿਚ ਮਹਾਮਾਰੀ ਨੂੰ ਕੰਟਰੋਲ ਕਰਨ ਵਿਚ ਉਸ ਦੇ ਯਤਨਾਂ ਨੂੰ ਪ੍ਰਮੁੱਖਤਾ ਦਿੱਤੀ ਜਾਵੇ।